ਪੱਤਰ ਪ੍ਰੇਰਕ
ਘਨੌਰ, 15 ਮਈ
ਨੇੜਲੇ ਪਿੰਡ ਹਰਪਾਲਪੁਰ ਵਿੱਚ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਸੈਕੜੇ ਕਿਸਾਨਾਂ ਦੀ ਮੀਟਿੰਗ ਹੋਈ, ਜਿਸ ਵਿੱਚ 220 ਕੇ.ਵੀ ਬਿਜਲੀ ਗਰਿੱਡ ਭਟੇੜੀ ਤੋਂ ਮਹਿਮਦਪੁਰ ਬੈਰੀਅਰ ਤੱਕ ਕਿਸਾਨਾਂ ਦੀ ਜ਼ਮੀਨ ’ਚ ਟਰਾਂਸਕੋ (ਪੀਐੱਸਟੀਸੀਐੱਲ) ਵੱਲੋਂ ਬਿਜਲੀ ਟਾਵਰ ਲਗਾਉਣ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਗਿਆ।
ਮੀਟਿੰਗ ਦੋਰਾਨ ਸੰਘਰਸ਼ ਦੀ ਅਗਵਾਈ ਕਰਨ ਲਈ ‘ਜਬਰ ਵਿਰੋਧ ਕਿਸਾਨ ਸੰਘਰਸ਼ ਕਮੇਟੀ’ ਦਾ ਗਠਨ ਕੀਤਾ ਗਿਆ। ਜਿਸ ਦੇ ਸਰਪ੍ਰਸਤ ਭਗਵਾਨ ਸਿੰਘ ਖਾਲਸਾ ਹਰਪਾਲਪੁਰ, ਪ੍ਰਧਾਨ ਗੁਰਜਿੰਦਰ ਸਿੰਘ, ਮੀਤ ਪ੍ਰਧਾਨ ਹਰਵਿੰਦਰ ਸਿੰਘ, ਸਕੱਤਰ ਗੁਰਜੀਤ ਸਿੰਘ, ਮੀਤ ਸਕੱਤਰ ਨਾਗਰ ਸਿੰਘ, ਖਜ਼ਾਨਚੀ ਸੁਖਵਿੰਦਰ ਸਿੰਘ ਚੁਣੇ ਗਏ। ਮੀਟਿੰਗ ਦੌਰਾਨ ਸੂਬਾਈ ਕਿਸਾਨ ਆਗੂ ਮਾਨ ਸਿੰਘ ਰਾਜਪੁਰਾ, ਉਜਾਗਰ ਸਿੰਘ ਧਮੋਲੀ, ਕਿਰਪਾਲ ਸਿੰਘ ਆਦਿ ਨੇ ਆਖਿਆ ਕਿ ਟਰਾਂਸਕੋ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਬਿਜਲੀ ਸਪਲਾਈ ਲਾਈਨ ਦੇ ਟਾਵਰ ਲੱਗ ਜਾਣ ਨਾਲ ਸਾਰੀ ਉਪਜਾਊ ਜ਼ਮੀਨ ਬਰਬਾਦ ਹੋ ਜਾਵੇਗੀ, ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਹ ਮਾਮਲਾ ਜਲਦੀ ਹੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਜ਼ਮੀਨ ਵਿੱਚ ਇੱਕ ਵੀ ਟਾਵਰ ਨਹੀਂ ਲਾਉਣ ਦੇਣਗੇ, ਭਾਵੇਂ ਇਸ ਲਈ ਕਿੰਨਾ ਹੀ ਸੰਘਰਸ਼ ਕਿਉਂ ਨਾ ਕਰਨਾ ਪਵੇ।
ਮਾਮਲਾ ਹੱਲ ਕੀਤਾ ਜਾਵੇਗਾ: ਐਕਸੀਅਨ
ਇਸ ਸਬੰਧੀ ਟਰਾਂਸਕੋ ਮੁਹਾਲੀ ਦੇ ਐਕਸੀਅਨ (ਪੀਐੱਸਟੀਸੀਐੱਲ) ਹਰਦੀਦਾਰ ਸਿੰਘ ਸਿੱਧੂ ਨੇ ਕਿਹਾ ਕਿ (ਡੀਐਫਸੀਸੀਆਈਐੱਲ) ਰੇਲਵੇ ਵਿਭਾਗ ਵੱਲੋਂ ਅਮ੍ਰਿਤਸਰ ਤੋਂ ਕਲਕੱਤਾ ਤੱਕ ਉਸਾਰੇ ਜਾ ਰਹੇ ਡੇਰੀਕੇਟਿਡ ਫਰੇਟ ਕੋਰੀਡੋਰ ਤਹਿਤ ਮਾਲ ਗੱਡੀਆਂ ਲਈ ਵਿਸ਼ੇਸ ਤੌਰ ’ਤੇ ਰੇਲ ਲਾਈਨ ਉਸਾਰੀ ਜਾ ਰਹੀ ਹੈ, ਜਿਸ ਦੇ ਮਹਿਮਦਪੁਰ ਬੈਰੀਅਰ ਨੇੜਲੇ ਸਟੇਸ਼ਨ ਨੂੰ ਬਿਜਲੀ ਸਪਲਾਈ ਦੇਣ ਲਈ 220 ਕੇ.ਵੀ ਗਰਿੱਡ ਭਟੇੜੀ ਤੋਂ ਇਸ ਖੇਤਰ ਦੇ ਕਰੀਬ ਡੇਢ ਦਰਜਨ ਪਿੰਡਾਂ ਦੀ ਜ਼ਮੀਨ ਵਿੱਚ 98 ਬਿਜਲੀ ਟਾਵਰ ਲੱਗਣੇ ਹਨ। ਜੇਕਰ ਕਿਸਾਨ ਇਸ ਦਾ ਵਿਰੋਧ ਕਰਨਗੇ ਤਾਂ ਉਨ੍ਹਾਂ ਵੱਲੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ।