ਪੱਤਰ ਪ੍ਰੇਰਕ
ਘਨੌਰ, 14 ਫਰਵਰੀ
ਹਲਕਾ ਘਨੌਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਾਰਟੀ ਆਗੂਆਂ ਜਥੇਦਾਰ ਜਸਮੇਰ ਸਿੰਘ ਲਾਛੜੂ, ਬਲਦੇਵ ਸਿੰਘ ਮਹਿਰਾ,ਹਰਵਿੰਦਰ ਸਿੰਘ ਹਰਪਾਲਪੁਰ, ਕਮਲਦੀਪ ਸਿੰਘ ਢੰਡਾ ਅਤੇ ਲਾਲ ਸਿੰਘ ਮਰਦਾਂਪੁਰ ਸਮੇਤ ਹੋਰਨਾਂ ਆਗੂਆਂ ’ਤੇ ਅਧਾਰਿਤ ਟੀਮ ਨਾਲ ਪਿੰਡ ਚੱਪੜ, ਰੂੜਕੀ, ਉਲਾਣਾ, ਚਮਾਰੂ ਸਮੇਤ ਅੱਧਾ ਦਰਜਨ ਪਿੰਡਾਂ ਵਿੱਚ ਚੋਣ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ। ਇਸੇ ਦੌਰਾਨ ਪਿੰਡ ਚਮਾਰੂ ਅਤੇ ਊਲਾਣਾ ਵਾਸੀਆਂ ਵੱਲੋਂ ਚੰਦੂਮਾਜਰਾ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਚੰਦੂਮਾਜਰਾ ਨੇ ਆਮ ਆਦਮੀ ਪਾਰਟੀ ਨੂੰ ਭੰਡਦਿਆਂ ਆਖਿਆ ਕਿ ਇਹ ਪਾਰਟੀ ਆਪਰਾਧਿਕ ਵਿਰਤੀ ਅਤੇ ਨਸ਼ਿਆਂ ਦੇ ਵਪਾਰੀਆਂ ਦੇ ਨੇੜਲਿਆਂ ਨੂੰ ਟਿਕਟਾਂ ਦੇ ਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਡੋਬਣ ਦੀ ਤਿਆਰੀ ਵਿੱਚ ਹੈ। ਪੰਜਾਬ ਦੇ ਸੂਝਵਾਨ ਲੋਕ ਅਜਿਹੀ ਅਪਰਾਧਿਕ ਵਿਰਤੀ ਵਾਲੇ ਲੋਕਾਂ ਦੇ ਹੱਥ ਕਦੇ ਵੀ ਪੰਜਾਬ ਦੀ ਸਤਾ ਨਹੀਂ ਸੌਂਪਣਗੇ। ਉਨ੍ਹਾਂ ਕਾਂਗਰਸ ਸਰਕਾਰ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਭੰਡਿਆ। ਇਸ ਮੌਕੇ ਅਜੈਬ ਸਿੰਘ ਮੰਜੌਲੀ, ਜੰਗ ਸਿੰਘ ਰੂੜਕਾ, ਪਾਖਰ ਸਿੰਘ ਕਾਮੀਂ, ਭੁਪਿੰਦਰ ਸਿੰਘ ਸ਼ੇਖੂਪੁਰ ਸਮੇਤ ਹੋਰਨਾਂ ਨੇ ਵਿਚਾਰ ਪ੍ਰਗਟ ਕੀਤੇ।
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਇਥੋਂ ਨੇੜਲੇ ਵੱਖ ਵੱਖ ਪਿੰਡਾਂ ਚੰਗਾਲ ਅਤੇ ਫਤਿਹਗੜ੍ਹ ਛੰਨਾ ਵਿੱਚ ਅਕਾਲੀ ਬਸਪਾ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੂੰ ਲੱਡੂਆਂ ਨਾਲ ਤੋਲਿਆ। ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਨੇ ਯਕੀਨ ਦਿਵਾਇਆ ਕਿ ਜਿਸ ਤਰ੍ਹਾਂ ਅਕਾਲੀ-ਬਸਪਾ ਦੇ ਹੱਕ ਵਿਚ ਹਵਾ ਚੱਲ ਰਹੀ ਹੈ, ਤੋਂ ਸਿੱਧ ਹੁੰਦਾ ਹੈ ਕਿ ਅਗਲੀ ਸਰਕਾਰ ਅਕਾਲੀ ਬਸਪਾ ਗੱਠਜੋੜ ਦੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ। ਇਸ ਮੌਕੇ ਗੁਰਮੇਲ ਸਿੰਘ ਰੰਗੀਲਾ, ਜਸਮੇਲ ਸਿੰਘ ਜੱਸੀ, ਪ੍ਰੀਤਮ ਸਿੰਘ, ਨਿਰਮਲ ਸਿੰਘ ਫੌਜੀ, ਡਾ. ਮਨਦੀਪ ਸਿੰਘ ਨਿੱਕੂ, ਬਲਦੇਵ ਸਿੰਘ, ਜੋਗਿੰਦਰ ਸਿੰਘ ਹਾਜ਼ਰ ਸਨ।