ਖੇਤਰੀ ਪ੍ਰਤੀਨਿਧ
ਪਟਿਆਲਾ, 19 ਜੂਨ
ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਤੋਂ ਪੈਦਾ ਹੋਏ ਲੋਕ ਰੋਹ ਦੇ ਮੱਦੇਨਜ਼ਰ ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਕ ਦੀ ਅਗਵਾਈ ਹੇਠ ਅੱਜ ਸਥਾਨਕ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਪੁਲੀਸ ਵੱਲੋਂ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਪੁਲੀਸ ਨੇ ਲੋਕਾਂ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਸਮੇਤ ਹਰ ਤਰ੍ਹਾਂ ਦਾ ਸਹਿਯੋਗ ਹੋਣ ਦਾ ਭਰੋਸਾ ਦਿਵਾਇਆ ਗਿਆ।
ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਦੱਸਿਆ ਕਿ ਫੁਹਾਰਾ ਚੌਕ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਠੀਕਰੀਵਾਲਾ ਬੁੱਤ, ਪੋਲੋ ਗਰਾਊਂਡ ਅਤੇ ਸਾਈਂ ਮਾਰਕੀਟ, ਨਾਭਾ ਗੇਟ, ਛੋਟੀ ਬਾਰਾਂਦਰੀ, ਬੇਅੰਤ ਸਿੰਘ ਚੌਕ ਅਤੇ ਸ਼ੇਰਾਂ ਵਾਲਾ ਗੇਟ ਆਦਿ ਤੋਂ ਹੁੰਦਾ ਹੋਇਆ ਕਈ ਹੋਰ ਖੇਤਰਾਂ ਵਿਚੋਂ ਲੰਘਿਆ। ਇਸ ਮੌਕੇ ਪਟਿਆਲਾ ਦੇ ਐੱਸਪੀ ਸਿਟੀ ਵਜ਼ੀਰ ਸਿੰਘ ਡੀਐੱਸਪੀ ਸਿਟੀ ਵਨ ਕ੍ਰਿਸ਼ਨ ਕੁਮਾਰ ਪੈਂਥੇ ਸਮੇਤ ਕਈ ਹੋਰ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਦਾ ਕਹਿਣਾ ਸੀ ਕਿ ਇਹ ਫਲੈਗ ਮਾਰਚ ਸ਼ਹਿਰ ਵਿਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਕਿ ਹਰ ਮੁਸ਼ਕਲ ਦੀ ਘੜੀ ਪੁਲੀਸ ਉਨ੍ਹਾਂ ਦੇ ਨਾਲ ਖੜ੍ਹੀ ਹੈ ’ਤੇ ਆਧਾਰਤ ਰਿਹਾ।
ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਦਾ ਇਹ ਵੀ ਕਹਿਣਾ ਹੈ ਕਿ ਇਸ ਫਲੈਗ ਮਾਰਚ ਤੋਂ ਇਲਾਵਾ ਵੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਵੱਡੀ ਤਾਦਾਦ ਵਿਚ ਪੁਲੀਸ ਫੋਰਸ ਤਾਇਨਾਤ ਕੀਤੀ ਹੋਈ ਹੈ। ਖਾਸ ਕਰਕੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਹੋਰ ਵੀ ਵਧੇਰੇ ਪੁਲੀਸ ਫੋਰਸ ਮੌਜੂਦ ਹੈ ਉਧਰ ਐੱਸ.ਪੀ (ਸਿਟੀ) ਵਜ਼ੀਰ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਦੀ ਇਹ ਤਾਇਨਾਤੀ ਦਿਨ ਰਾਤ ਮੌਜੂਦ ਰਹਿੰਦੀ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰਲੇ ਖੇਤਰਾਂ ਵਿੱਚ ਵੀ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ।