ਖੇਤਰੀ ਪ੍ਰਤੀਨਿਧ
ਪਟਿਆਲਾ, 29 ਨਵੰਬਰ
ਬਹੁਮੱਤ ਸਾਬਤ ਨਾ ਕਰਨ ਦੇ ਤਰਕ ਤਹਿਤ ਪਿਛਲੇ ਦਿਨੀਂ ਮੁਅੱਤਲ ਕੀਤੇ ਗਏ ਮੇਅਰ ਸੰਜੀਵ ਬਿੱਟੂ ਭਾਵੇਂ ਸਮੁੱਚੀ ਕਾਰਵਾਈ ਨੂੰ ਗਲਤ ਗਰਦਾਨ ਰਹੇ ਹਨ ਪਰ ਬਹੁਮੱਤ ਸਬੰਧੀ ਕਾਰਜਕਾਰੀ ਮੇਅਰ ਦੇ ਹਵਾਲੇ ਨਾਲ਼ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਵੱਲੋਂ ਪ੍ਰਸੀਡਿੰਗ (ਲਿਖਤ ਕਾਰਵਾਈ) ਜਾਰੀ ਕਰਨ ਦੇ ਮਾਮਲੇ ’ਤੇ ਵੀ ਆਪਣੀ ਵਿਰੋਧੀ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਅਦਾਲਤ ਦਾ ਦਰਵਾਜ਼ਾ ਖੜਕਾਉਂਦਿਆਂ, ਸੰਜੀਵ ਬਿੱਟੂ ਨੇ ਤਰਕ ਦਿੱਤਾ ਹੈ ਕਿ ਸਮੂਹ ਕੌਂਸਲਰਾਂ ਸਮੇਤ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜੀ ਗਈ ਮਤੇ ਦੀ ਕਾਰਵਾਈ (ਪ੍ਰਸੀਡਿੰਗ) ਨਿਗਮ ਦੇ ਕਿਸੇ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤੀ ਜਾਣੀ ਬਣਦੀ ਹੈ ਜਦਕਿ ਇਹ ਕਾਰਵਾਈ ਕਾਰਜਕਾਰੀ ਮੇਅਰ ਦੇ ਹਵਾਲੇ ਨਾਲ਼ ਯੋਗਿੰਦਰ ਸਿੰਘ ਯੋਗੀ ਵੱਲੋਂ ਹੀ ਜਾਰੀ ਕੀਤੀ ਗਈ ਹੈ।
ਬਿੱਟੂ ਵੱਲੋਂ ਹਾਈ ਕੋਰਟ ਵਿੱਚ ਪਾਈ ਗਈ ਇਸ ਰਿੱਟ ਸਬੰਧੀ ਅਦਾਲਤ ਵੱਲੋਂ ਸੁਣਵਾਈ ਲਈ ਪਹਿਲੀ ਦਸੰਬਰ ਦਾ ਦਿਨ ਮੁਕੱਰਰ ਕੀਤਾ ਹੈ। ਸੰਜੀਵ ਬਿੱਟੂ ਦੀ ਮੀਡੀਆ ਟੀਮ ਦੇ ਇੱਕ ਮੈਂਬਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।