ਖੇਤਰੀ ਪ੍ਰਤੀਨਿਧ
ਪਟਿਆਲਾ, 3 ਮਾਰਚ
ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰੰਗ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਸੈਦਖੇੜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾਈ ਸਰਕਾਰ ਵੱਲੋਂ ਪੇਅ ਕਮਿਸ਼ਨ ਦੇ ਭੱਤਿਆਂ ਵਿੱਚ ਕੀਤੀ ਗਈ ਕਟੌਤੀ ਨੂੰ ਨਵੀਂ ਹੋਂਦ ਵਿੱਚ ਆਉਣ ਵਾਲ਼ੀ ਸਰਕਾਰ ਤੋਂ ਮੁੜ ਬਹਾਲ ਕਰਵਾਇਆ ਜਾਵੇਗਾ। ਇਸ ਦੇ ਨਾਲ਼ ਹੀ ਚੋਣ ਵਾਅਦਿਆਂ ਅਨੁਸਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਬਿੇੜਾ ਕਰਵਾਇਆ ਜਾਵੇਗਾ। ਰਹਿੰਦੇ ਵਰਕਚਾਰਜ, ਦਿਹਾੜੀਦਾਰ ਅਤੇ ਠੇਕੇ ’ਤੇ ਆਧਾਰਿਤ ਕਾਮਿਆਂ ਦੀਆ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਨਵਾਂ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਵੀ ਯਕੀਨੀ ਬਣਾਈ ਜਾਵੇਗੀ।
ਆਪਣੇ ਸੰਬੋਧਨ ਦੌਰਾਨ ਹਰੀ ਸਿੰਘ ਟੌਹੜਾ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ ਲਈ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ। ਟੌਹੜਾ ਨੇ ਰੂਸ ਦੇ ਨਾਲ ਨਾਲ ਵੱਖ ਵੱਖ ਦੇਸ਼ਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰਕੇ ਭਾਰਤੀ ਵਿਦਿਆਰਥੀਆ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਏ ਜਾਣ ’ਤੇ ਵੀ ਜ਼ੋਰ ਦਿੱਤਾ। ਮੀਟਿੰਗ ਵਿੱਚ ਬਲਦੇਵ ਵਿਰਕ, ਗਿਆਨੀ ਸੁਰਿੰਦਰ ਫਰੀਦਪੁਰ,ਸਤਪਾਲ ਖਾਨਪੁਰ, ਰਾਕੇਸ਼ ਬਾਤਿਸ਼, ਸਵਰਨ ਰਾਜਪੁਰਾ, ਓਮ ਪ੍ਰਕਾਸ਼, ਮਲਕੀਤ ਪੰਜੋਲੀ, ਗੁਰਵਿੰਦਰ ਸਮਾਣਾ, ਕੋਮਲ ਸਿੰਘ, ਮਜੀਦ ਮੁਹੰਮਦ, ਕਰਨੈਲ ਸਿੰਘ ਰਾਈਂ, ਜਸਵੀਰ ਸੈਦਖੇੜੀ, ਜੁਗਰਾਜ ਸਮਾਣਾ, ਤੇਜਪਾਲ ਨਾਭਾ, ਬਲਦੇਵ ਅਬਰਾਵਾਂ, ਜ਼ੋਰਾ ਸਿੰਘ ਤੇ ਜਸਵਿੰਦਰ ਪੰਜਾਬੀ ਆਦਿ ਨੇ ਵੀ ਸ਼ਿਰਕਤ ਕੀਤੀ।
ਇਸੇ ਤਰ੍ਹਾਂ ਚੌਥਾ ਦਰਜਾ ਮੁਲਾਜਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਿੰਜਾਈ ਵਿਭਾਗ ਦੇ ਆਗੂ ਜਸਵੀਰ ਸਿੰਘ ਖੋਖਰ, ਦਰਸ਼ਨ ਸਿੰਘ ਬੇਲੂਮਾਜਰਾ, ਜਨਰਲ ਕੈਟਾਗਿਰੀ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਜਸਵੰਤ ਸਿੰਘ, ਐੱਸਸੀਬੀਸੀ ਕਰਮਚਾਰੀ ਫੈਡਰੇਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ, ਡਾ. ਅੰਬੇਦਕਾਰ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ, ਮੁਲਾਜ਼ਮ ਏਕਤਾ ਮੰਚ ਦੇ ਆਗੂ ਮਨਜੀਤ ਸਿੰਘ ਚਾਹਲ, ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੇ ਸੂਬਾਈ ਸਰਪ੍ਰਸਤ ਬਚਿੱਤਰ ਸਿੰਘ, ਸਿਹਤ ਵਿਭਾਗ ਦੇ ਮੁਲਾਜ਼ਮ ਆਗੂ ਸਰਜੀਵਨਸਿੰਘ ਚਹਿਲ, ਕੁਲਦੀਪ ਸਿੰਘ ਨਿਰਮਾਣ ਅਤੇ ਜੋਰਾ ਸਿੰਘ ਸਮੇਤ ਕਈ ਹੋਰ ਆਗੂਆਂ ਨੇ ਵੀ ਨਵੀਂ ਬਣਨ ਵਾਲ਼ੀ ਸਰਕਾਰ ਕੋਲ਼ੋਂ ਮੁਲਾਜ਼ਮਾਂ ਦੇ ਮਸਲਿਆਂ ਦੀ ਪਹਿਲ ਦੇ ਆਧਾਰ ’ਤੇ ਪੂਰਤੀ ਕਰਵਾਉਣ ਦੀ ਗੱਲ ਆਖੀ।