ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਫਰਵਰੀ
ਇਥੋਂ ਦੇ ਸਰਕਾਰੀ ਮਹਿੰਦਰਾ ਕਾਲਜ ਵਿਚ ਪਈਆਂ ਈਵੀਐੱਮ ਦੀ ਸੁਰੱਖਿਆ ਬਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਵੱਡੇ ਸਵਾਲ ਖੜੇ ਕੀਤੇ ਹਨ, ਉਨ੍ਹਾਂ ਦੇਰ ਰਾਤ ਮਹਿੰਦਰਾ ਕਾਲਜ ਵਿਚ ਬਣਾਏ ਗਏ ਸਟਰਾਂਗ ਰੂਮ ਦੀ ਵੀਡੀਓ ਬਣਾ ਕੇ ਐੱਸਐੱਸਪੀ, ਡੀਸੀ ਅਤੇ ਚੋਣ ਕਮਿਸ਼ਨ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਈਵੀਐੱਮ ਲਈ ਢੁਕਵੇਂ ਸੁਰੱਖਿਆ ਦਾ ਪ੍ਰਬੰਧ ਹੀ ਨਹੀਂ ਹਨ। ਸ੍ਰੀ ਕੋਹਲੀ ਨੇ ਚਾਰੇ ਪਾਸੇ ਦੀ ਵੀਡੀਓਗ੍ਰਾਫ਼ੀ ਕੀਤੀ, ਜਿੱਥੇ ਸਾਫ਼ ਨਜ਼ਰ ਆ ਰਿਹਾ ਹੈ ਕਿ ਸੁਰੱਖਿਆ ਇੰਤਜ਼ਾਮ ਕਥਿਤ ਤੌਰ ’ਤੇ ਢਿੱਲੇ ਹਨ, ਲਾਈਟਾਂ ਦਾ ਪ੍ਰਬੰਧ ਨਹੀਂ ਹੈ, ਕੁਝ ਪਾਸੇ ਤਾਂ ਬਿਲਕੁਲ ਹਨੇਰਾ ਹੈ। ਮੌਕੇ ’ਤੇ ਕੁਝ ਪੰਜਾਬ ਪੁਲੀਸ ਦੇ ਮੁਲਾਜ਼ਮ ਮੌਜੂਦ ਵੀ ਸਨ। ਸ੍ਰੀ ਕੋਹਲੀ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਥਾਂ ਕੇਂਦਰੀ ਸੁਰੱਖਿਆ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇੱਥੇ ਸੁਰੱਖਿਆ ਵਧਾਈ ਜਾਵੇ ਤੇ ਲਾਈਟਾਂ ਦਾ ਪੱਕਾ ਇੰਤਜ਼ਾਮ ਕੀਤਾ ਜਾਵੇ। ਇਸ ਦੌਰਾਨ ਸ੍ਰੀ ਕੋਹਲੀ ਨੇ ਪਟਿਆਲਾ ਸ਼ਹਿਰੀ ਦੇ ਸਾਰੇ ਉਮੀਦਵਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ’ਤੇ ਰਾਤ ਲਗਪਗ ਸਾਰੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਮਹਿੰਦਰਾ ਕਾਲਜ ਵਿਚ ਪਹੁੰਚ ਗਏ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪਾਲ ਜੁਨੇਜਾ ਨੇ ਵੀ ਸੁਰੱਖਿਆ ਵਿਚ ਘਾਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਸਰਾਸਰ ਗ਼ਲਤ ਹੈ। ਇਸ ਸਬੰਧ ਵਿਚ ਜੇਕਰ ਚੋਣ ਕਮਿਸ਼ਨ ਮਸ਼ੀਨਾਂ ਦੀ ਸੰਭਾਲ ਨਹੀਂ ਕਰ ਸਕਦੇ ਤਾਂ ਸੁਰੱਖਿਆ ਸਾਡੇ ਹਵਾਲੇ ਕੀਤੀ ਜਾਵੇ। ਐੱਸਪੀ ਸਿਟੀ ਹਰਪਾਲ ਸਿੰਘ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਮੁਸਤੈਦ ਹਨ, ਈਵੀਐੱਮ ਦੀ ਸੁਰੱਖਿਆ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।