ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਫ਼ਰਵਰੀ
ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਵੱਲੋਂ ਕੱਢੇ ਗਏ ਜੇਤੂ ਜਲੂਸਾਂ ਉੱਤੇ ਵੀ ਕਿਸਾਨ ਅੰਦੋਲਨ ਦੀ ਝੰਡੀ ਬਰਕਰਾਰ ਰਹੀ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦਾ ਅਸਰ ਚੋਣ ਪ੍ਰਚਾਰ ਦੌਰਾਨ ਵੱਡੇ ਪੱਧਰ ਉੱਤੇ ਨਜ਼ਰ ਆਇਆ।
ਜਿੱਤਣ ਵਾਲੇ ਆਜ਼ਾਦ ਉਮੀਦਵਾਰਾਂ ਦੇ ਸਮਰਥਕਾਂ ਨੇ ਢੋਲ ਢਮੱਕੇ ਨਾਲ ਵਾਰਡ ਵਿੱਚ ਵੋਟਰਾਂ ਦਾ ਧੰਨਵਾਦ ਕਰਨ ਆਏ ਜੇਤੂ ਉਮੀਦਵਾਰ ਦਾ ਸਵਾਗਤ ਕੀਤਾ ਅਤੇ ਕੌਂਸਲਰਾਂ ਨੂੰ ਟਰੈਕਟਰਾਂ ਉੱਤੇ ਬਿਠਾ ਕੇ ਵਾਰਡਾਂ ਵਿੱਚ ਲਿਜਾਇਆ ਗਿਆ। ਵਾਰਡ ਨੰਬਰ ਸਤਾਰਾਂ ਤੋਂ ਜੇਤੂ ਰਾਜਬੀਰ ਕੌਰ ਦੇ ਪੁੱਤਰ ਰਾਣਾ ਪ੍ਰਤਾਪ ਸਿੰਘ ਹਰਿਆਊ ਨੇ ਕਿਹਾ ਕਿ ਭਾਵੇਂ ਉਹ ਸ਼ਹਿਰ ਵਿੱਚ ਰਹਿੰਦੇ ਹਨ ਪਰ ਉਹ ਇਕ ਕਿਸਾਨ ਦੇ ਪੁੱਤਰ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਹ ਫ਼ੈਸਲਾ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦੇ ਮੱਦੇਨਜ਼ਰ ਕੀਤਾ ਹੈ।