ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 11 ਅਗਸਤ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਪੰਜਾਬ ਨਾਲ ਜੋੜਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ/ਸੰਵੇਦਨਾਵਾਂ ਨੂੰ ਸਮਝਣ ਲਈ ਯੋਜਨਾਵਾਂ ਤਿਆਰ ਕਰ ਰਹੀ ਹੈ। ਇਸ ਕੰਮ ਲਈ ਯੂਨੀਵਰਸਟੀ ਦਾ ਡਾਇਸਪੋਰਾ ਅਧਿਐਨ ਕੇਂਦਰ ਨੋਡਲ ਏਜੰਸੀ ਦੀ ਭੂਮਿਕਾ ਅਦਾ ਕਰ ਰਿਹਾ ਹੈ। ਪਰਵਾਸੀ ਪੰਜਾਬ ਅਤੇ ਇਧਰਲਾ ਪੰਜਾਬ ਕਿਵੇਂ ਇਕ ਦੂਜੇ ਲਈ ਕੰਮ ਕਰ ਸਕਦੇ ਹਨ, ਇਸ ਨੂੰ ਵਿਚਾਰਨ ਲਈ ਐਨਆਰਆਈ ਸਭਾ ਪੰਜਾਬ ਦੇ ਵਫ਼ਦ ਨੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨਾਲ ਸਿੰਡੀਕੇਟ ਰੂਮ ਵਿਚ ਚਰਚਾ ਕੀਤੀ।
ਪ੍ਰੋਫੈਸਰ ਅਰਵਿੰਦ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਆਉਣ ਵਾਲ਼ੇ ਸਾਲਾਂ ਵਿਚ ਵਿਦੇਸ਼ੀ ਪੰਜਾਬੀਆਂ ਦੇ ਸਹਿਯੋਗ ਨਾਲ ਬਾਹਰਲੇ ਦੇਸ਼ਾਂ ਵਿਚ ਆਪਣੇ ਕੈਂਪਸ ਸਥਾਪਿਤ ਕਰਨ ਦੀ ਉਮੀਦ ਰੱਖਦੀ ਹੈ। ਉਨ੍ਹਾਂ ਵਫ਼ਦ ਨੂੰ ਇਹ ਵੀ ਯਕੀਨ ਦਿਵਾਇਆ ਕਿ ’ਵਰਸਟੀ ਪਰਵਾਸੀ ਪੰਜਾਬੀਆਂ ਨਾਲ ਰਲ਼ ਕੇ ਬਹੁ-ਪਾਸਾਰੀ ਕੰਮ ਕਰਨ ਲਈ ਹਰ ਸੰਭਵ ਮਦਦ ਕਰੇਗੀ। ਇਸ ਇਕੱਤਰਤਾ ਵਿਚ ਡਾਇਸਪੋਰਾ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਗੁਰਮੁਖ ਸਿੰਘ ਨੇ ਕਿਹਾ ਕਿ ਪਰਵਾਸ ਕਰ ਕੇ ਗਈਆਂ ਵੱਖ-ਵੱਖ ਪੀੜ੍ਹੀਆਂ ਦੇ ਅਨੁਭਵਾਂ ਨੂੰ ਸਾਂਭਿਆ ਜਾਵੇਗਾ।