ਖੇਤਰੀ ਪ੍ਰਤੀਨਿਧ
ਪਟਿਆਲਾ, 21 ਮਈ
ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਵੱਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਸੌਂਪਿਆ ਗਿਆ। ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਪੁਕਟਾ ਦੇ ਪ੍ਰਧਾਨ ਡਾ. ਲਵਦੀਪ ਸ਼ਰਮਾ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸਹਾਇਤਾ ਲਈ ਮੰਗ ਪੱਤਰ ਸੌਂਪਿਆ ਗਿਆ ਤਾਂ ਕਿ ਪੰਜਾਬ ਦੀ ਸਿਰਮੌਰ ਯੂਨੀਵਰਸਿਟੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ‘ਆਪ’ ਸਰਕਾਰ ਦਾ ਸਿੱਖਿਆ ਤੇ ਸਿਹਤ ਮੁੱਖ ਏਜੰਡਾ ਹੈ। ਸਕੂਲੀ ਸਿੱਖਿਆ ਦੇ ਨਾਲ ਉਚ ਸਿੱਖਿਆ ਨੂੰ ਸਮੇਂ ਦੇ ਹਾਣ ਬਣਾਉਣਾ ਤੇ ਬਚਾਉਣਾ ਪੰਜਾਬ ਸਰਕਾਰ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਨੇ ਪੰਜਾਬੀ ਯੂਨੀਵਰਸਿਟੀ ਨੂੰ ਲਾਰਿਆਂ ਵਿੱਚ ਹੀ ਰੱਖਿਆ ਹੈ, ਪਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਪੂਰਨ ਆਸ ਹੈ ਕਿ ਉਹ ਇਸ ਯੂਨੀਵਰਸਿਟੀ ਨੂੰ ਬਚਾਉਣ ਦਾ ਅਹਿਦ ਲੈਣਗੇ। ਪੁਕਟਾ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਬਜਟ ਵਿੱਚ ਯੂਨੀਵਰਸਿਟੀ ਨੂੰ ਵਿੱਤੀ ਸਹਾਇਤਾ ਲਈ ਪ੍ਰਬੰਧ ਕੀਤਾ ਜਾਵੇਗਾ।