ਪੱਤਰ ਪ੍ਰੇਰਕ
ਘਨੌਰ, 27 ਅਗਸਤ
ਪਿੰਡ ਚਮਾਰੂ ਦੀ ਪੰਚਾਇਤ ਖਿਲਾਫ਼ ਸ਼ੰਭੂ ਪੁਲੀਸ ਵੱਲੋਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐੱਸਡੀਓ ਰਾਘਵ ਗਰਗ ਅਤੇ ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਬਹਾਦਰ ਰਾਮ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਕਰਮਪਾਲ ਸਿੰਘ ਵੱਲੋਂ ਮਾਈਨਿੰਗ ਵਿਭਾਗ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਸ਼ਾਮਲਾਟ ਟੋਭੇ ਵਿੱਚੋਂ ਵਿਭਾਗ ਪਾਸੋਂ ਲਈ ਗਈ ਪ੍ਰਵਾਨਗੀ ਤੋਂ ਜ਼ਿਆਦਾ ਮਿੱਟੀ ਪੁਟਵਾਈ ਗਈ ਹੈ ਜੋ ਗੈਰਕਾਨੂੰਨੀ ਹੈ। ਸ਼ਿਕਾਇਤ ਦੀ ਮਾਈਨਿੰਗ ਵਿਭਾਗ ਵੱਲੋਂ ਜਾਂਚ ਕੀਤੀ ਗਈ ਤੇ ਜਲ ਨਿਕਾਸ ਮੰਡਲ ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਚਮਾਰੂ ਦੇ ਸ਼ਾਮਲਾਟ ਵਿੱਚ ਬਣੇ ਟੋਭੇ ਵਿੱਚੋਂ ਗ੍ਰਾਮ ਪੰਚਾਇਤ ਵੱਲੋਂ ਨਾਜਾਇਜ਼ ਤੌਰ ’ਤੇ ਮਾਈਨਿੰਗ ਕਰਵਾਈ ਗਈ ਹੈ। ਸਹਾਇਕ ਥਾਣੇਦਾਰ ਬਹਾਦਰ ਰਾਮ ਨੇ ਦੱਸਿਆ ਕਿ ਜ਼ਿਲ੍ਹਾ ਮਾਈਨਿੰਗ ਅਫ਼ਸਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਅਤੇ 9 ਪੰਚਾਂ ਖਿਲਾਫ਼ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।