ਸੁਭਾਸ਼ ਚੰਦਰ
ਸਮਾਣਾ 10 ਅਕਤੂਬਰ
ਪਿੰਡ ਦੀ ਸ਼ਾਮਲਾ਼ ਜ਼ਮੀਨ ’ਤੇ ਫ਼ਸਲ ਕੱਟਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਏ ਝਗੜੇ ਵਿੱਚ 7 ਲੋਕਾਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਆਪਸ ਵਿੱਚ ਕੁੱਟਮਾਰ ਤੇ ਜਾਤੀ ਸੂਚਕ ਸ਼ਬਦਾਂ ਨਾਲ ਗਾਲ੍ਹਾਂ ਕੱਢਣ ਦੇ ਮਾਮਲੇ ਵਿੱਚ ਸਦਰ ਪੁਲੀਸ ਨੇ 4 ਔਰਤਾਂ ਸਣੇ 15 ਵਿਅਕਤੀਆਂ ਖ਼ਿਲਾਫ਼ ਐਸ.ਸੀ- ਐਸ.ਟੀ ਐਕਟ ਦੀਆਂ ਧਰਾਵਾਂ ਸਣੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਮੁਲਜ਼ਮਾਂ ਵਿੱਚ ਨਾਰੰਗ ਸਿੰਘ, ਗੁਰਜੰਟ ਸਿੰਘ, ਚਮਕੌਰ ਸਿੰਘ, ਹਰਬੰਸ ਸਿੰਘ, ਜਸਵੰਤ ਸਿੰਘ, ਬੰਟੀ ਸਿੰਘ, ਜਗਦੀਤ ਸਿੰਘ, ਪਰਮਜੀਤ ਸਿੰਘ , ਗੁਰਦੀਪ ਸਿੰਘ , ਹਰਜਿੰਦਰ ਕੌਰ, ਕੁਲਦੀਪ ਕੌਰ , ਮਲਕੀਅਤ ਕੌਰ ਪਤਨੀ ਗੁਰਦੀਪ ਸਿੰਘ ਅਤੇ ਮਲਕੀਅਤ ਕੌਰ ਪਤਨੀ ਹਰਬੰਸ ਸਿੰਘ ਵਾਸੀ ਪਿੰਡ ਦੁੱਲੜ ਸ਼ਾਮਲ ਹਨ।
ਸਦਰ ਪੁਲੀਸ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਦੁੱਲੜ ਵਿੱਚ ਉਸ ਵੱਲੋਂ ਠੇਕੇ ’ਤੇ ਲਈ ਗਈ ਜ਼ਮੀਨ ’ਤੇ ਉਹ 9 ਸਤੰਬਰ ਨੂੰ ਆਪਣੀ ਪਤਨੀ ਅਤੇ ਦਰਜਨ ਲੋਕਾਂ ਨੂੰ ਨਾਲ ਲੈ ਕੇ ਹਰਾ ਚਾਰਾ ਕੱਟਣ ਉਪਰੰਤ ਜੀਰੀ ਦੀ ਫਸਲ ਕੱਟ ਰਿਹਾ ਸੀ। ਇਸੇ ਦੌਰਾਨ ਦੋਸ਼ੀਆਂ ਨੇ ਹਮਲਾ ਕਰਕੇ ਉਸਨੂੰ, ਉਸਦੀ ਪਤਨੀ ਅਤੇ ਹੋਰ ਲੋਕਾਂ ਨਾਲ ਕੁੱਟਮਾਰ ਕੀਤੀ ਅਤੇ ਜਾਤੀ ਸੂਚਕ ਸ਼ਬਦ ਬੋਲ ਕੇ ਗਾਲ੍ਹਾਂ ਕੱਢੀਆਂ। ਇਸ ਝਗੜੇ ਵਿੱਚ ਦੋਵੇ ਧਿਰਾ ਦੇ ਕੁੱਲ 7 ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਦਾਖਲ ਕਰਵਾਇਆ ਗਿਆ। ਪੁਲੀਸ ਅਧਿਕਾਰੀ ਅਨੁਸਾਰ ਪੰਚਾਇਤ ਦੀ ਇਸ ਜ਼ਮੀਨ ਸਬੰਧੀ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਲਈ ਬਲਾਕ ਪੰਚਾਇਤ ਅਧਿਕਾਰੀਆਂ ਤੋਂ ਜ਼ਮੀਨ ਸਬੰਧੀ ਜਾਣਕਾਰੀ ਮੰਗੀ ਗਈ ਹੈ। ਪੰਚਾਇਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।