ਪੱਤਰ ਪ੍ਰੇਰਕ
ਪਟਿਆਲਾ, 4 ਜੂਨ
ਇਸੇ ਹਫ਼ਤੇ ਹਰਿਆਣਾ ਵਿੱਚ ਸ਼ੁਰੂ ਹੋਣ ਜਾ ਰਹੇ ‘ਖੇਲੋ ਇੰਡੀਆ ਯੂਥ ਗੇਮਜ਼ 2022’ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ 257 ਖਿਡਾਰੀ ਭਾਗ ਲੈਣਗੇ। ਇਸ ਦੀ ਤਿਆਰੀ ਲਈ ਪੰਜਾਬ ਵਿੱਚ ਕੈਂਪ ਲਗਾਏ ਗਏ ਸਨ।
ਜਾਣਕਾਰੀ ਅਨੁਸਾਰ ਖੇਲੋ ਇੰਡੀਆ ਯੂਥ ਗੇਮਜ਼ ਵਿਚ ਪੰਜਾਬ ਦੇ ਖਿਡਾਰੀ ਆਰਚਰੀ, ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬਾਕਸਿੰਗ, ਫੁੱਟਬਾਲ, ਗਤਕਾ, ਜਿਮਨਾਸਟਿਕ, ਹੈਂਡਬਾਲ, ਹਾਕੀ, ਜੂਡੋ, ਕਬੱਡੀ, ਖੋ-ਖੋ, ਸ਼ੂਟਿੰਗ, ਤੈਰਾਕੀ,ਰੈਸਲਿੰਗ, ਵੇਟਲਿੰਫਟਿੰਗ, ਆਦਿ ਖੇਡਾਂ ਖੇਡਣਗੇ। ਪ੍ਰਿੰਸੀਪਲ ਸੈਕਟਰੀ ਸਪੋਰਟਸ ਰਾਜ ਕਮਲ ਸਿੰਘ ਚੌਧਰੀ ਨੇ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ਼ 2020 ਵਿਚ ਪੰਜਾਬ ਦਾ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਸੀ, ਉਦੋਂ ਪੰਜਾਬ ਨੇ 16 ਗੋਲਡ, 15 ਸਿਲਵਰ, 28 ਬਰਾਂਨਜ ਸਮੇਤ 59 ਮੈਡਲ ਜਿੱਤੇ ਸਨ। ਮੈਡਲਾਂ ਵਿਚ ਪੰਜਾਬ ਦਾ 10ਵਾਂ ਸਥਾਨ ਆਇਆ ਸੀ ਪਰ ਇਸ ਵਾਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਕੈਂਪ ਲਗਾਤਾਰ ਚੱਲਿਆ ਜਿੱਥੇ ਕਿ ਫੁੱਟਬਾਲ, ਹੈਂਡਬਾਲ, ਖੋ-ਖੋ ਦੀ ਸਿਖਲਾਈ ਹੋਈ। ਉਨ੍ਹਾਂ ਦੱਸਿਆ ਕਿ ਇਸ ਵਾਰ ਖੇਡਾਂ ਵਿੱਚ ਪੰਜਾਬ ਦੇ ਮਾਰਸ਼ਲ ਆਰਟ ਗਤਕਾ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹੋਰ ਪਤਵੰਤੇ ਵੀ ਹਾਜ਼ਰ ਸਨ।