ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਮਈ
ਛੇ ਦਹਾਕੇ ਮੁਲਾਜ਼ਮ ਲਹਿਰ ’ਚ ਸਰਗਰਮ ਰਹੇ ਮੁਲਾਜ਼ਮ ਆਗੂ ਸੱਜਣ ਸਿੰਘ ਦੇ ਕਰੋਨਾ ਕਾਰਨ ਇੱਕ ਦਿਨ ਪਹਿਲਾਂ ਹੀ ਹੋਏ ਦੇਹਾਂਤ ਤਹਿਤ ਅੱਜ ਇਥੇ ‘ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ’ ਦੇ ਮੁੱਖ ਦਫਤਰ ਵਿੱਚ ਸ਼ੋਕ ਸਭਾ ਕਰਦਿਆਂ ਉਨ੍ਹਾਂ ਦੇ ਸਾਥੀ ਮੁਲਾਜ਼ਮਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਹੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ, ਮਜ਼ਦੂਰ ਜਮਾਤ ਦੇ ਸੰਘਰਸ਼ ਨੂੰ ਮੱਠਾ ਨਾ ਪੈਣ ਦੇਣ ਦਾ ਅਹਿਦ ਵੀ ਲਿਆ ਗਿਆ। ਇਸ ਸ਼ੋਕ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਸੱਜਣ ਸਿੰਘ ਸਾਡੇ ਲਈ ਗੌਰਵਮਈ ਇਤਿਹਾਸ ਸਿਰਜ ਗਏ ਹਨ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ/ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਤਹਿਸੀਲ ਮਾਲੇਰਕੋਟਲਾ ਦੀ ਇੱਕ ਸ਼ੋਕ ਸਭਾ ਟਰੇਡ ਯੂਨੀਅਨ ਕੌਂਸਲ (ਏਟਕ) ਦਫ਼ਤਰ ਮਾਲੇਰਕੋਟਲਾ ਵਿੱਚ ਕੀਤੀ ਗਈ, ਜਿਸ ਵਿੱਚ ਮੁਲਾਜ਼ਮ ਆਗੂ ਸੱਜਣ ਸਿੰਘ, ਜੋ ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਚੇਅਰਮੈਨ ਸਨ, ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ ਗਿਆ। ਇਸ ਸ਼ੋਕ ਸਭਾ ਵਿੱਚ ਆਗੂ ਰਣਜੀਤ ਸਿੰਘ ਰਾਣਵਾਂ, ਭਰਪੂਰ ਸਿੰਘ ਬੂਲਾਪੁਰ, ਰਣਜੀਤ ਸਿੰਘ ਬਿੰਝੋਕੀ, ਪਿਆਰਾ ਲਾਲ, ਸੁਰਿੰਦਰ ਭੈਣੀ, ਸ਼ਮਸ਼ੇਰ ਸਿੰਘ ਓਪੋਕੀ, ਨੇਤਰ ਸਿੰਘ ਮੰਨਵੀਂ, ਸੁਰਿੰਦਰ ਸਿੰਘ, ਗੁਰਨਾਮ, ਪ੍ਰਿਤਪਾਲ, ਓਮੀ, ਚੂਹੜ ਸਿੰਘ, ਜਸਵੀਰ, ਜਸਪਾਲ ਪਾਲੀ, ਅਮਰੀਕ ਦੁਲਮਾ, ਬੇਅੰਤ ਮੋਰਾਂਵਾਲੀ, ਰਾਜਵੰਤ ਸਿੰਘ ਆਦਿ ਆਗੂਆਂ ਨੇ ਸ਼ਿਰਕਤ ਕੀਤੀ।