ਨਵੀਂ ਦਿੱਲੀ, 3 ਨਵੰਬਰ
‘ਮੈਟਾ’ ਦੇ ਸੰਸਥਾਪਕ ਤੇ ਸੀਈਓ ਮਾਰਕ ਜ਼ਕਰਬਰਗ ਨੇ ਅੱਜ ਵਟਸਐਪ ਲਈ ਕਈ ਨਵੀਆਂ ਵਿਸ਼ੇਸ਼ਤਾਵਾਂ (ਫੀਚਰਜ਼) ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ‘ਕਮਿਊਨਿਟੀਜ਼ ਆਨ ਵਟਸਐਪ’ ਅਤੇ 32 ਵਿਅਕਤੀਆਂ ਦੀ ਵੀਡੀਓ ਕਾਲਿੰਗ ਜਿਹੇ ਫੀਚਰ ਸ਼ਾਮਲ ਹਨ। ਇਸ ਤੋਂ ਇਲਾਵਾ ਇਨ-ਚੈਟ ਪੋਲਜ਼ ਅਤੇ 1024 ਯੂਜਰਜ਼ ਦੇ ਗਰੁੱਪ ਦਾ ਬਦਲ ਵੀ ਦਿੱਤਾ ਗਿਆ ਹੈ। ਇਸ ਤਹਿਤ ਇਕ ਗਰੁੱਪ ’ਚ 1024 ਯੂਜਰਜ਼ ਨੂੰ ਜੋੜਿਆ ਜਾ ਸਕੇਗਾ। ਜ਼ਕਰਬਰਗ ਨੇ ਐਲਾਨ ਕੀਤਾ ਕਿ ‘ਕਮਿਊਨਿਟੀਜ਼ ਆਨ ਵਟਸਐਪ’ ਦਾ ਬਦਲ ਵਰਤੋਂਕਾਰਾਂ ਨੂੰ ਆਲਮੀ ਪੱਧਰ ਉਤੇ ਦਿੱਤਾ ਜਾਣਾ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਅਗਲੇ ਕੁਝ ਮਹੀਨਿਆਂ ਤੱਕ ਇਹ ਸਾਰਿਆਂ ਕੋਲ ਹੋਵੇਗਾ। ਮਾਰਕ ਨੇ ਕਿਹਾ ਕਿ ਮੈਟਾ ਵੱਲੋਂ ਨਾਲ ਲੱਗਦੇ ਸ਼ਹਿਰਾਂ, ਸਕੂਲਾਂ ਵਿਚ ਮਾਪਿਆਂ ਤੇ ਕੰਮਕਾਜੀ ਥਾਵਾਂ ਲਈ ਕਮਿਊਨਿਟੀ ਗਰੁੱਪ ਵਿਕਸਿਤ ਕੀਤੇ ਜਾ ਰਹੇ ਹਨ। ਇੱਥੇ ਸਾਰੇ ਇਕੋ ਥਾਂ ਗਰੁੱਪ ਵਿਚ ਗੱਲਬਾਤ ਕਰ ਸਕਣਗੇ। -ਆਈਏਐੱਨਐੱਸ