ਨਵੀਂ ਦਿੱਲੀ, 18 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧੀਆ ਬਹਿਸਾਂ ਲਈ ਸੰਸਦ ਅਤੇ ਵਿਧਾਨ ਸਭਾਵਾਂ ’ਚ ਵੱਖਰਾ ਸਮਾਂ ਤੈਅ ਕਰਨ ਦੇ ਇਕ ਦਿਨ ਪਹਿਲਾਂ ਦਿੱਤੇ ਗਏ ਸੁਝਾਅ ਮਗਰੋਂ ਕਾਂਗਰਸ ਆਗੂ ਪੀ ਚਿਦੰਬਰਮ ਨੇ ਉਨ੍ਹਾਂ ’ਤੇ ਵਰ੍ਹਦਿਆਂ ਕਿਹਾ ਹੈ ਕਿ ਸਵਾਲ ਇਹ ਹੈ ਕਿ ਕੀ ਪ੍ਰਧਾਨ ਮੰਤਰੀ ਸੰਸਦ ਅੰਦਰ ਬਹਿਸ ’ਚ ਕਦੇ ਹਿੱਸਾ ਲੈਣਗੇ।
ਸ੍ਰੀ ਚਿਦੰਬਰਮ ਨੇ ਟਵੀਟ ਕਰ ਕੇ ਕਿਹਾ ਕਿ ਇਹ ਪੜ੍ਹ ਕੇ ਦਿਲਚਸਪ ਲੱਗਾ ਕਿ ਪ੍ਰਧਾਨ ਮੰਤਰੀ ਨੇ ਸੰਸਦ ਅੰਦਰ ਵਧੀਆ ਬਹਿਸਾਂ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ‘ਉਨ੍ਹਾਂ ਵਧੀਆ ਬਹਿਸਾਂ ਲਈ ਵੱਖਰਾ ਸਮਾਂ ਤੈਅ ਕਰਨ ਦਾ ਵੀ ਸੁਝਾਅ ਦਿੱਤਾ ਹੈ। ਪਰ ਸਵਾਲ ਇਹ ਹੈ ਕਿ ਕੀ ਪ੍ਰਧਾਨ ਮੰਤਰੀ ਸੰਸਦ ਅੰਦਰ ਬਹਿਸ ’ਚ ਕਦੇ ਹਿੱਸਾ ਲੈਣਗੇ?’ ਕਾਂਗਰਸ ਲਗਾਤਾਰ ਆਖਦੀ ਆ ਰਹੀ ਹੈ ਕਿ ਸਰਕਾਰ ਅਹਿਮ ਮੁੱਦਿਆਂ ’ਤੇ ਸੰਸਦ ’ਚ ਬਹਿਸ ਕਰਾਉਣ ਤੋਂ ਭੱਜਦੀ ਆ ਰਹੀ ਹੈ। ਭਾਜਪਾ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਵਿਰੋਧੀ ਧਿਰ ਸਦਨ ’ਚ ਅੜਿੱਕੇ ਪਾ ਕੇ ਵਿਧਾਨਕ ਕੰਮਕਾਜ ਨੂੰ ਠੱਪ ਕਰਦੀ ਆ ਰਹੀ ਹੈ। -ਪੀਟੀਆਈ