ਕੋਲਕਾਤਾ, 22 ਅਪਰੈਲ
ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਅੱਜ ਛੇਵੇਂ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਚੋਣ ਕਮਿਸ਼ਨ ਅਨੁਸਾਰ ਸਵੇਰੇ 11 ਵਜੇ ਤਕ 37.27 ਫੀਸਦੀ ਵੋਟਾਂ ਪੈ ਚੁੱਕੀਆਂ ਸਨ ਤੇ ਕੁਝ ਥਾਵਾਂ ’ਤੇ ਹਿੰਸਕ ਵਾਰਦਾਤਾਂ ਹੋਈਆਂ ਪਰ ਕੁੱਲ ਮਿਲਾ ਕੇ ਚੋਣ ਸ਼ਾਂਤੀਪੂਰਵਕ ਨੇਪਰੇ ਚੜ੍ਹ ਰਹੀ ਹੈ। ਇਥੇ ਅੱਜ ਵੋਟਾਂ ਸਵੇਰੇ ਸੱਤ ਵਜੇ ਪੈਣੀਆਂ ਸ਼ੁਰੂ ਹੋਈਆਂ। ਇਥੇ ਵੋਟਾਂ 43 ਵਿਧਾਨ ਸਭਾ ਸੀਟਾਂ ਲਈ ਹੋ ਰਹੀਆਂ ਹਨ ਜਿਨ੍ਹਾਂ ਵਿਚ 17 ਨਾਰਥ 24 ਪਰਗਨਾ ਜ਼ਿਲ੍ਹੇ, 9 ਨਾਦੀਆ, 9 ਉਤਰ ਦੀਨਾਜਪੁਰ ਤੇ ਅੱਠ ਪੁਰਬਾ ਬਰਧਮਾਨ ਦੀਆਂ ਸੀਟਾਂ ਸ਼ਾਮਲ ਹਨ। ਉਤਰ ਦੀਨਾਜਪੁਰ ਚੋਪਰਾ ਖੇਤਰ ਦੇ ਚੋਣ ਬੂਥ ’ਤੇ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਰਕਰਾਂ ਦਰਮਿਆਨ ਖਿੱਚਧੂਹ ਹੋਈ ਤੇ ਗੋਲੀਆਂ ਚਲਾਈਆਂ ਗਈਆਂ।-ਪੀਟੀਆਈ