ਲਖਨਊ, 5 ਸਤੰਬਰ
ਉੱਤਰ ਪ੍ਰਦੇਸ਼ ਵਿੱਚ ਲਖਨਊ ਦੇ ਵਪਾਰਕ ਕੇਂਦਰ ਹਜ਼ਰਤਗੰਜ ਇਲਾਕੇ ਵਿੱਚ ਮਦਨ ਮੋਹਨ ਮਾਲਵੀਆ ਰੋਡ ’ਤੇ ਲੇਵਾਨਾ ਸੂਟਸ ਹੋਟਲ ਵਿੱਚ ਅੱਜ ਸਵੇਰੇ ਅੱਗ ਲੱਗਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਲਖਨਊ ਦੇ ਸੀਐੱਮਓ ਮਨੋਜ ਅਗਰਵਾਲ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਹੋਟਲ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਹੁਣ ਤੱਕ 10 ਜਣਿਆਂ ਨੂੰ ਹਸਪਤਾਲ ਕਰਵਾਇਆ ਗਿਆ ਜਿਨ੍ਹਾਂ ਵਿੱਚ 2 ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹੋਟਲ ਲੇਵਾਨਾ ਵਿੱਚ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ ਅਤੇ ਹਾਲੇ ਵੀ ਕਈ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ ਅਤੇ ਬਚਾਅ ਟੀਮਾਂ ਵੱਲੋਂ ਕਿਸੇ ਵੀ ਹੋਰ ਵਿਅਕਤੀ ਦੇ ਅੰਦਰ ਫਸੇ ਹੋਣ ਦਾ ਪਤਾ ਲਾਇਆ ਜਾ ਰਿਹਾ ਹੈ। ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਨਾਥ ਨੇ ਹੋਟਲ ਵਿੱਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਹੁਕਮ ਦਿੱਤੇ ਹਨ। ਉਨ੍ਹਾਂ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਹਸਪਤਾਲ ਪਹੁੰਚ ਕੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਤੇ ਡਾਕਟਰਾਂ ਨੂੰ ਬਿਹਤਰ ਇਲਾਜ ਦੀ ਹਦਾਇਤ ਵੀ ਕੀਤੀ। ਹੋਟਲ ਮਾਲਕ ਮੁਤਾਬਕ, ‘‘ਹੋਟਲ ਵਿੱਚ 30 ਕਮਰੇ ਹਨ ਅਤੇ ਹਾਦਸੇ ਸਮੇਂ 18 ਵਿੱਚ ਯਾਤਰੀ ਠਹਿਰੇ ਹੋਏ ਸਨ। ਉਹ 35-40 ਜਣੇ ਹੋਣਗੇ ਜਿਨ੍ਹਾਂ ਕੁਝ ਸਵੇਰੇ ਚਲੇ ਗਏ ਸਨ।’’ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ ਪਰ ਸਪੱਸ਼ਟ ਕਾਰਨਾਂ ਦੇ ਪਤਾ ਲਾਇਆ ਜਾ ਰਿਹਾ ਹੈ।