ਲਖਨਊ, 27 ਫਰਵਰੀ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਗੇੜ ਦੌਰਾਨ ਅੱਜ ਸੂਬੇ ਦੇ 12 ਜ਼ਿਲ੍ਹਿਆਂ ਅੰਦਰ ਪੈਂਦੀਆਂ 61 ਵਿਧਾਨ ਸਭਾ ਸੀਟਾਂ ਲਈ 54.ਫੀਸਦ ਪੋਲਿੰਗ ਹੋਈ ਹੈ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਤਾਪਗੜ੍ਹ ਦੀ ਕੁੰਡਾ ਵਿਧਾਨ ਸਭਾ ਸੀਟ ਨੂੰ ਛੱਡ ਕੇ ਬਾਕੀ ਸਾਰੇ ਪਾਸੇ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਕੁੰਡਾ ’ਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਗੁਲਸ਼ਨ ਯਾਦਵ ਦੇ ਕਾਫਲੇ ’ਤੇ ਹਮਲਾ ਕੀਤਾ ਗਿਆ ਹੈ। ਸਪਾ ਦੇ ਸੂਬਾ ਪ੍ਰਧਾਨ ਨਰੇਸ਼ ਉੱਤਰ ਤੇ ਪਾਰਟੀ ਦੇ ਕੌਮੀ ਬੁਲਾਰੇ ਰਾਜੇਂਦਰ ਚੌਧਰੀ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਦੂਜੇ ਪਾਸੇ ਗੌਂਡਾ ’ਚ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਸਮਾਜਵਾਦੀ ਪਾਰਟੀ ਦੇ ਕਰਨਲਗੰਜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ, ਉਸ ਦੇ ਭਰਾਵਾਂ ਤੇ ਹਮਾਇਤੀਆਂ ਖ਼ਿਲਾਫ਼ ਮਹਿਲਾ ਨਾਲ ਜਬਰ ਜਨਾਹ ਤੇ ਕੁੱਟ ਮਾਰ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ।
ਪੁਲੀਸ ਨੇ ਦੱਸਿਆ ਕਿ ਸਪਾ ਉਮੀਦਵਾਰ ਯੋਗੇਸ਼ ਪ੍ਰਤਾਪ ਸਿੰਘ ਤੇ ਹੋਰਨਾਂ ਖ਼ਿਲਾਫ਼ ਲੰਘੀ ਰਾਤ ਕੇਸ ਦਰਜ ਕੀਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਵੇਂ ਗੇੜ ਦੌਰਾਨ 54.53 ਫੀਸਦ ਵੋਟਾਂ ਪਈਆਂ ਹਨ।
ਇਸ ਦੌਰਾਨ ਤਕਰੀਬਨ 2.24 ਕਰੋੜ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਚੋਣ ਕਮਿਸ਼ਨ ਅਨੁਸਾਰ ਅਮੇਠੀ ’ਚ 52.82 ਫੀਸਦ, ਅਯੁੱਧਿਆ ’ਚ 58.01, ਬਹਿਰਾਈਚ ’ਚ 54.68, ਬਾਰਾਬੰਕੀ ’ਚ 54.75, ਚਿਤਰਕੂਟ ’ਚ 59.50, ਗੌਂਡਾ ’ਚ 54.21, ਕੌਸਾਂਬੀ ’ਚ 56.96, ਪ੍ਰਤਾਪਗੜ੍ਹ ’ਚ 50.20, ਪ੍ਰਯਾਗਰਾਜ ’ਚ 51.29 ਤੇ ਰਾਏਬਰੇਲੀ ’ਚ 56.06 ਫੀਸਦ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਅਨੁਸਾਰ ਇਸ ਗੇੜ ਦੌਰਾਨ ਲੋਕਾਂ ਨੇ 692 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਵੋਟ ਪਾਈ ਹੈ ਜਿਨ੍ਹਾਂ ’ਚ ਉੱਪ ਮੁੱਖ ਮਤਰੀ ਕੇਸ਼ਵ ਪ੍ਰਸਾਦ ਮੌਰਿਆ ਵੀ ਸ਼ਾਮਲ ਹਨ। ਉਹ ਕੌਸੰਬੀ ਜ਼ਿਲ੍ਹੇ ਦੀ ਸਿਰਾਥੂ ਸੀਟ ਤੋਂ ਚੋਣ ਲੜ ਰਹੇ ਹਨ। ਉੱਤਰ ਪ੍ਰਦੇਸ਼ ’ਚ ਅਗਲੇ ਦੋ ਗੇੜਾਂ ਲਈ ਵੋਟਾਂ 3 ਤੇ 7 ਮਾਰਚ ਨੂੰ ਪੈਣਗੀਆਂ। -ਪੀਟੀਆਈ
ਮਨੀਪੁਰ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਅੱਜ
ਇੰਫਾਲ: (ਆਈਏਐਨਐੱਸ): ਮਨੀਪੁਰ ਵਿਚ ਭਲਕੇ ਪਹਿਲੇ ਗੇੜ ਦੀਆਂ ਚੋਣਾਂ ਹੋਣਗੀਆਂ। ਇਸ ਦੌਰਾਨ ਸੂਬੇ ਦੇ 60 ਵਿਚੋਂ 38 ਹਲਕਿਆਂ ਲਈ ਵੋਟਾਂ ਪੈਣ ਦਾ ਅਮਲ ਸਿਰੇ ਚੜ੍ਹਾਇਆ ਜਾਵੇਗਾ। ਇਨ੍ਹਾਂ ਹਲਕਿਆਂ ਲਈ 173 ਉਮੀਦਵਾਰ ਚੋਣ ਮੈਦਾਨ ਵਿਚ ਹਨ ਤੇ 15 ਔਰਤਾਂ ਹਨ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਹਲਕਿਆਂ ਵਿਚ ਵੱਡੀ ਗਿਣਤੀ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ 9,895 ਚੋਣ ਕਰਮਚਾਰੀ ਆਪਣੀ ਤਾਇਨਾਤੀ ਵਾਲੀ ਥਾਂ ਪਹੁੰਚ ਗਏ ਹਨ ਜੋ ਕਿ 1721 ਥਾਵਾਂ ਉਤੇ ਡਿਊਟੀ ਦੇਣਗੇ। ਕਰੋਨਾ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਪਹਿਲੇ ਗੇੜ ਵਿਚ 12,22,713 ਲੋਕ ਵੋਟ ਪਾਉਣਗੇ। ਇਨ੍ਹਾਂ ਵਿਚ 6,29,276 ਔਰਤਾਂ ਹਨ। ਮਨੀਪੁਰ ਵਿਚ ਪਿਛਲੇ ਕਈ ਦਿਨਾਂ ਦੌਰਾਨ ਹਿੰਸਕ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਵਿਚ ਦੋ ਜਣੇ ਮਾਰੇ ਗਏ ਹਨ ਤੇ ਕਈ ਫੱਟੜ ਹੋ ਗਏ ਹਨ। ਇਕ ਉਮੀਦਵਾਰ ਵੀ ਜ਼ਖ਼ਮੀ ਹੋਇਆ ਹੈ। ਦੋ ਮਹੀਨੇ ਚੱਲੀ ਚੋਣ ਮੁਹਿੰਮ ਸ਼ਨਿਚਰਵਾਰ ਦੁਪਹਿਰ ਨੂੰ ਖ਼ਤਮ ਹੋ ਗਈ। ਸੂਬੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸੱਤਾਧਾਰੀ ਧਿਰ ਦੇ ਕਈ ਵੱਡੇ ਆਗੂਆਂ ਨੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਵਿਰੋਧੀ ਧਿਰ ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰਾਂ ਨੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਚੋਣ ਰੈਲੀਆਂ ਦੌਰਾਨ ਵਿਕਾਸ, ਅਤਿਵਾਦ, ਨਸ਼ਿਆਂ ਦੇ ਨਾਜਾਇਜ਼ ਵਪਾਰ, ਅਫਸਪਾ ਹਟਾਉਣ, ਮਹਿਲਾ ਸਸ਼ਕਤੀਕਰਨ, ਵਧ ਰਹੀ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਉੱਭਰੇ। ਭਲਕੇ ਪੈਣ ਵਾਲੀਆਂ ਵੋਟਾਂ ਮੁੱਖ ਮੰਤਰੀ ਤੇ ਭਾਜਪਾ ਉਮੀਦਵਾਰ ਐਨ. ਬੀਰੇਨ ਸਿੰਘ, ਐਨਪੀਪੀ ਉਮੀਦਵਾਰ ਤੇ ਉਪ ਮੁੱਖ ਮੰਤਰੀ ਯੁਮਨਮ ਜੋਏਕੁਮਾਰ ਸਿੰਘ ਤੇ ਹੋਰਾਂ ਦਾ ਭਵਿੱਖ ਤੈਅ ਕਰਨਗੀਆਂ। ਭਾਜਪਾ ਨੇ ਪਿਛਲੀ ਵਾਰ 21 ਸੀਟਾਂ ਜਿੱਤੀਆਂ ਸਨ। ਉਨ੍ਹਾਂ ਐਨਪੀਪੀ, ਐਨਪੀਐਫ ਤੇ ਹੋਰਾਂ ਦੀ ਮਦਦ ਨਾਲ ਗੱਠਜੋੜ ਸਰਕਾਰ ਦਾ ਗਠਨ ਕੀਤਾ ਸੀ। ਜਦਕਿ ਸੂਬੇ ’ਤੇ 15 ਸਾਲ (2002-17) ਰਾਜ ਕਰਨ ਵਾਲੀ ਕਾਂਗਰਸ 28 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ। ਇਸ ਵਾਰ ਕਾਂਗਰਸ ਚਾਰ ਖੱਬੇ ਪੱਖੀ ਧਿਰਾਂ ਤੇ ਜੇਡੀ (ਐੱਸ) ਨਾਲ ਗੱਠਜੋੜ ਕਰ ਕੇ ਚੋਣ ਲੜ ਰਹੀ ਹੈ। 22 ਸੀਟਾਂ ਲਈ ਦੂਜੇ ਗੇੜ ਦੀਆਂ ਚੋਣਾਂ 5 ਮਾਰਚ ਨੂੰ ਹੋਣਗੀਆਂ।