ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ 21 ਯੂਨੀਵਰਸਿਟੀਆਂ ਨੂੰ ‘ਫਰਜ਼ੀ’ ਕਰਾਰ ਦਿੱਤਾ ਹੈ। ਇਹ ਯੂਨੀਵਰਸਿਟੀਆਂ ਡਿਗਰੀਆਂ ਨਹੀਂ ਦੇ ਸਕਦੀਆਂ। ਦਿੱਲੀ ’ਚ ਸਭ ਤੋਂ ਵੱਧ ਅੱਠ ‘ਫਰਜ਼ੀ’ ਯੂਨੀਵਰਸਿਟੀਆਂ ਹਨ, ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਨੰਬਰ ਆਉਂਦਾ ਹੈ। ਕਮਿਸ਼ਨ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਦਾਖਲਾ ਨਾ ਲੈਣ ਦੀ ਅਪੀਲ ਕੀਤੀ ਹੈ। ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਦੱਸਿਆ ਕਿ ਯੂਜੀਸੀ ਐਕਟ ਦੀ ਉਲੰਘਣਾ ਕਰ ਰਹੀਆਂ ਘੱਟੋ-ਘੱਟ 21 ਗੈਰ-ਮਾਨਤਾ ਪ੍ਰਾਪਤ ਸੰਸਥਾਵਾਂ ਨੂੰ ‘ਫਰਜ਼ੀ’ ਯੂਨੀਵਰਸਿਟੀਆਂ ਐਲਾਨਿਆ ਗਿਆ ਹੈ। ਇਨ੍ਹਾਂ ਨੂੰ ਕੋਈ ਵੀ ਡਿਗਰੀ ਦੇਣ ਦਾ ਅਧਿਕਾਰ ਨਹੀਂ ਹੈ। ‘ਫਰਜ਼ੀ’ ਐਲਾਨੀਆਂ ਗਈਆਂ ਇਨ੍ਹਾਂ 21 ਵਿਦਿਅਕ ਸੰਸਥਾਵਾਂ ’ਚ ਦਿੱਲੀ ਦੀਆਂ ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸਜ਼, ਕਮਰਸ਼ੀਅਲ ਯੂਨੀਵਰਸਿਟੀ ਲਿਮਟਡ ਦਰਿਆਗੰਜ, ਯੂਨਾਈਟਡ ਨੇਸ਼ਨਜ਼ ਯੂਨੀਵਰਵਸਿਟੀ, ਵੋਕੇਸ਼ਨਲ ਯੂਨੀਵਰਸਿਟੀ, ਏਡੀਆਰ-ਸੈਂਟਰਿਕ ਜੁਡੀਸ਼ੀਅਲ ਯੂਨੀਵਰਸਿਟੀ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਇੰਜਨੀਅਰਿੰਗ, ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ-ਐਂਪਲਾਈਮੈਂਟ ਅਤੇ ਅਧਿਆਤਮਕ ਵਿਸ਼ਵਵਿਦਿਆਲਿਆ ਸ਼ਾਮਲ ਹਨ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਗਾਂਧੀ ਹਿੰਦੀ ਵਿੱਦਿਆਪੀਠ, ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟਰੋ ਕੰਪਲੈਕਸ ਹੋਮਿਓਪੈਥੀ, ਨੇਤਾਜੀ ਸੁਭਾਸ਼ ਚੰਦਰ ਬੋਸ ਯੂਨੀਵਰਸਿਟੀ (ਓਪਨ ਯੂਨੀਵਰਸਿਟੀ), ਭਾਰਤੀ ਸਿੱਖਿਆ ਪਰਿਸ਼ਦ ਸ਼ਾਮਲ ਹਨ। ਹੋਰ ਸੰਸਥਾਵਾਂ ਵਿੱਚ ਬਦਗਾਨਵੀ ਸਰਕਾਰ ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ ਸੁਸਾਇਟੀ (ਕਰਨਾਟਕ), ਸੇਂਟ ਜੌਨ’ਜ਼ ਯੂਨੀਵਰਸਿਟੀ (ਕੇਰਲਾ), ਰਾਜਾ ਅਰਬੇਕ ਯੂਨੀਵਰਸਿਟੀ (ਨਾਗਪੁਰ), ਇੰਡੀਅਨ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਨ ਅਤੇ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਨ ਐਂਡ ਰਿਸਰਚ (ਕੋਲਕਾਤਾ), ਨਵਭਾਰਤ ਸ਼ਿਕਸ਼ਾ ਪਰਿਸ਼ਦ ਅਤੇ ਨੌਰਥ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ (ਉੜੀਸਾ),ਸ੍ਰੀ ਬੋਧੀ ਅਕੈਡਮੀ ਆਫ ਹਾਇਰ ਐਜੂਕੇਸ਼ਨ (ਪੁੱਡੂਚੇਰੀ) ਅਤੇ ਕਰਾਈਸਟ ਨਿਊ ਟੈਸਟਾਮੈਂਟ ਡੀਮਡ ਯੂਨੀਵਰਸਿਟੀ (ਆਂਧਰਾ ਪ੍ਰਦੇਸ਼) ਸ਼ਾਮਲ ਹਨ। -ਪੀਟੀਆਈ