ਨਵੀਂ ਦਿੱਲੀ, 25 ਨਵੰਬਰ
ਸੁਪਰੀਮ ਕੋਰਟ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤ੍ਰਿਪੁਰਾ ਮਿਉਂਸਿਪਲ ਚੋਣਾਂ ਦੌਰਾਨ ਹਰੇਕ ਬੂਥ ’ਤੇ ਸੁਰੱਖਿਆ ਪ੍ਰਦਾਨ ਕਰਨ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਦੋ ਵਾਧੂ ਕੰਪਨੀਆਂ ਭੇਜੇ। ਸੂਬੇ ’ਚ ਵਿਰੋਧੀ ਧਿਰ ਤ੍ਰਿਣਮੂਲ ਕਾਂਗਰਸ ਅਤੇ ਸੀਪੀਐੱਮ ਨੇ ਜਸਟਿਸ ਡੀ ਵਾਈ ਚੰਦਰਚੂੜ, ਸੂਰਿਆ ਕਾਂਤ ਅਤੇ ਵਿਕਰਮ ਨਾਥ ਦੇ ਬੈਂਚ ਨੂੰ ਦੱਸਿਆ ਕਿ ਅੱਜ ਸਵੇਰੇ ਵੋਟਿੰਗ ਸ਼ੁਰੂ ਹੋਣ ਸਾਰ ਉਨ੍ਹਾਂ ਦੇ ਉਮੀਦਵਾਰਾਂ ਤੇ ਸਮਰਥਕਾਂ ਨੂੰ ਵੋਟਾਂ ਪਾਉਣ ਤੋਂ ਰੋਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਅਮਨ ਕਾਨੂੰਨ ਦੀ ਹਾਲਤ ਵੀ ਵਿਗੜੀ ਹੈ। ਬੈਂਚ ਨੇ ਤ੍ਰਿਪੁਰਾ ਦੇ ਡੀਜੀਪੀ ਅਤੇ ਗ੍ਰਹਿ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵਾਧੂ ਨੀਮ ਫ਼ੌਜੀ ਬਲ ਭੇਜਣ ਦੀ ਬੇਨਤੀ ਕਰਨ। ਉਨ੍ਹਾਂ ਤ੍ਰਿਪੁਰਾ ਸਟੇਟ ਚੋਣ ਕਮਿਸ਼ਨਰ, ਡੀਜੀਪੀ ਅਤੇ ਗ੍ਰਹਿ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੋਲਿੰਗ ਬੂਥਾਂ ’ਤੇ ਢੁੱਕਵੇਂ ਸੁਰੱਖਿਆ ਬਲ ਤਾਇਨਤ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੁਰੱਖਿਆ ਬਲਾਂ ਦੇ ਜਵਾਨ ਵੋਟਾਂ ਦੀ 28 ਨਵੰਬਰ ਨੂੰ ਗਿਣਤੀ ਹੋਣ ਤੱਕ ਬੈਲੇਟ ਬਕਸਿਆਂ ਦੀ ਸੁਰੱਖਿਆ ਲਈ ਤਾਇਨਾਤ ਰਹਿਣਗੇ। ਟੀਐੱਮਸੀ ਨੇ ਤ੍ਰਿਪੁਰਾ ’ਚ ਮਿਉਂਸਿਪਲ ਚੋਣਾਂ ਮੁਲਤਵੀ ਕਰਨ ਦੀ ਅਰਜ਼ੀ ਦਾਖ਼ਲ ਕੀਤੀ ਸੀ ਜਿਸ ਨੂੰ ਸੁਪਰੀਮ ਕੋਰਟ ਨੇ 23 ਨਵੰਬਰ ਨੂੰ ਖਾਰਜ ਕਰ ਦਿੱਤਾ ਸੀ। -ਪੀਟੀਆਈ