ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜਨਵਰੀ
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ 26 ਜਨਵਰੀ ਦੀ ਕਿਸਾਨਾਂ ਦੀ ਟਰੈਕਟਰ ਪਰੇਡ ਸਬੰਧੀ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਪ੍ਰਸ਼ਾਸਨ ਨਾਲ ਮਿਲ ਕੇ ਟਰੈਕਟਰ ਪਰੇਡ ਦਾ ਰੂਟ ਨਿਰਧਾਰਤ ਕਰਨ ਅਤੇ ਖ਼ੁਦ ਜਾ ਕੇ ਕਿਸਾਨਾਂ ਅਤੇ ਟਰੈਕਟਰ ਪਰੇਡ ਨੂੰ ਸਲੂਟ ਕਰਨ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਗਣਤੰਤਰ ਦਿਵਸ ’ਤੇ ਟੈਂਕਾਂ ਅਤੇ ਤੋਪਾਂ ਦਾ ਪ੍ਰਦਰਸ਼ਨ ਕਰ ਕੇ ਮਾਣ ਮਹਿਸੂਸ ਕੀਤਾ ਜਾਂਦਾ ਹੈ ਤਾਂ ਜੇ ਕਿਸਾਨ ਟਰੈਕਟਰ ਪਰੇਡ ਦੌਰਾਨ ਟਰੈਕਟਰਾਂ ਦਾ ਪ੍ਰਦਰਸ਼ਨ ਕਰਨ ਤਾਂ ਇਸ ਵਿੱਚ ਗ਼ਲਤ ਕੀ ਹੈ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਮਨਾਉਣਾ ਹਰ ਕਿਸੇ ਦਾ ਜਮਹੂਰੀ ਹੱਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਸ਼ਵਾਸ ਰੱਖੇ ਕਿ ਅੰਨਦਾਤਾ ਦਾ ਸੰਘਰਸ਼ ਹਿੰਸਕ ਨਹੀਂ ਹੋ ਸਕਦਾ।
ਇਸ ਤੋਂ ਪਹਿਲਾਂ ਸ੍ਰੀ ਚੰਦੂਮਾਜਰਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਆਰਜੇਡੀ ਆਗੂ ਤੇਜਸਵੀ ਯਾਦਵ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਕੌਮੀ ਸਿਆਸਤ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦੇ ਦਿਹਾਤੀ ਵਿਕਾਸ ਫੰਡ ’ਤੇ ਰੋਕ ਲਗਾਉਣਾ ਗ਼ਲਤ ਹੈ।
ਹਮਖਿਆਲ ਪਾਰਟੀਆਂ ਨਾਲ ਮਿਲ ਕੇ ਬਜਟ ਸੈਸ਼ਨ ਦੀ ਰਣਨੀਤੀ ਬਣਾ ਰਿਹੈ ਅਕਾਲੀ ਦਲ
ਚੰਦੂਮਾਜਰਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਡੀ.ਐੱਮ.ਕੇ ਨੇਤਾ ਸ਼ਿਵਾ ਜੀ, ਆਰਜੇਡੀ ਆਗੂ ਤੇਜਸਵੀ ਯਾਦਵ, ਇਨੈਲੋ ਦੇ ਆਗੂ ਅਭੈ ਚੌਟਾਲਾ, ਐੱਨਸੀਪੀ ਆਗੂ ਸ਼ਰਦ ਯਾਦਵ ਸਮੇਤ ਸਾਰੀਆਂ ਹਮਖਿਆਲ ਪਾਰਟੀਆਂ ਨਾਲ ਮਿਲ ਕੇ ਸੰਸਦ ਦੇ ਬਜਟ ਸੈਸ਼ਨ ਦੀ ਰਣਨੀਤੀ ਵੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੀਆਂ ਹਮਖਿਆਲ ਪਾਰਟੀਆਂ ਮਿਲ ਕੇ ਕੇਂਦਰ ਦੀ ਸੰਘੀ ਢਾਂਚੇ ਨੂੰ ਤੋੜਨ ਦੀ ਨੀਤੀ ਨੂੰ ਰੋਕਣ।