ਕੋਲਕਾਤਾ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਪੱਛਮੀ ਬੰਗਾਲ ਦੀ ਸੱਤਾ ’ਤੇ ਕਾਬਜ਼ ਟੀਐੱਮਸੀ ’ਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਪਾਰਟੀ ਕੋਲ ਕੋਈ ਸਿਧਾਂਤ ਜਾਂ ਨੀਤੀਆਂ ਨਹੀਂ ਹਨ ਅਤੇ ਇਹ ਸਿਰਫ਼ ਸਿੰਡੀਕੇਟ ਚਲਾਉਂਦੀ ਹੈ। ਪੱਛਮੀ ਬੰਗਾਲ ਦੇ ਦੋ ਰੋਜ਼ਾ ਦੌਰੇ ’ਤੇ ਆਏ ਨੱਢਾ ਨੇ ਇਹ ਦੋਸ਼ ਵੀ ਲਾਇਆ ਕਿ ਟੀਐੱਮਸੀ ਦੀ ‘ਭੂਆ-ਭਤੀਜਾ ਪਾਰਟੀ’ ਸਮੇਤ ਦੇਸ਼ ਦੀਆਂ ਤਕਰੀਬਨ ਸਾਰੀਆਂ ਖੇਤਰੀ ਪਾਰਟੀਆਂ ਇੱਕ ਪਰਿਵਾਰ ਵੱਲੋਂ ਚਲਾਏ ਜਾ ਰਹੇ ਸੰਗਠਨ ਬਣ ਗਈਆਂ ਹਨ। ਉਨ੍ਹਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਵੀ ਭੈਣ-ਭਰਾ ਵੱਲੋਂ ਚਲਾਇਆ ਜਾ ਰਿਹਾ ਸੰਗਠਨ ਬਣ ਕੇ ਰਹਿ ਗਈ ਹੈ। ਇਸ ਦੌਰਾਨ ਨੱਢਾ ਨੇ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ’ਚ ਵੰਦੇ ਮਾਤਰਮ ਭਵਨ ਦਾ ਦੌਰਾ ਵੀ ਕੀਤਾ। -ਪੀਟੀਆਈ