ਜੰਮੂ/ਸ੍ਰੀਨਗਰ, 7 ਜੂਨ
ਪੁਲੀਸ ਨੇ ਜੰਮੂ ਜ਼ਿਲ੍ਹੇ ਦੇ ਸਰਹੱਦੀ ਇਲਾਕੇ ’ਚ ਧਮਾਕਾਖੇਜ਼ ਸਮੱਗਰੀ ਦੀ ਤਸਕਰੀ ਦੀ ਕੋਸ਼ਿਸ਼ ਤਹਿਤ ਡਰੋਨ ਦੀ ਮਦਦ ਨਾਲ ਸੁੱਟੇ ਗਏ ਤਿੰਨ ਚੁੰਬਕੀ ਆਈਈਡੀ ਬਰਾਮਦ ਕੀਤੇ ਹਨ।
ਜੰਮੂ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਟਿਫਨ ਬਾਕਸ ਅੰਦਰ ਰੱਖੇ ਗਏ ਆਈਈਡੀ ਅਖਨੂਰ ਸੈਕਟਰ ’ਚ ਕਾਨਾਚਕ ਦੇ ਕਾਂਟੋਵਾਲਾ-ਦਯਾਰਨ ਇਲਾਕੇ ਤੋਂ ਬਰਾਮਦ ਕੀਤੇ ਗਏ ਹਨ। ਇਨ੍ਹਾਂ ਆਈਈਡੀ ’ਚ ਟਾਈਮਰ ਸੈੱਟ ਕੀਤੇ ਗਏ ਸਨ। ਬੀਐੱਸਐੱਫ ਦੇ ਜਵਾਨਾਂ ਨੇ ਲੰਘੀ ਰਾਤ ਦੇ ਕਰੀਬ ਕਾਨਾਚਕ ਦੇ ਦਯਾਰਨ ਇਲਾਕੇ ’ਚ ਡਰੋਨ ਦੇਖਿਆ ਤਾਂ ਉਸ ਵੱਲ ਗੋਲੀ ਚਲਾਈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਲਈ ਤਲਾਸ਼ੀ ਦੌਰਾਨ ਮਿਲੇ ਆਈਈਡੀ ਨਕਾਰਾ ਕਰ ਦਿੱਤੇ ਗਏ ਹਨ ਅਤੇ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।
ਇਸੇ ਦੌਰਾਨ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਪਿਛਲੇ ਹਫ਼ਤੇ ਆਈਈਡੀ ਹਮਲੇ ਦੇ ਮਾਮਲੇ ’ਚ ਚਾਰ ਵਿਅਕਤੀਆਂ ਨੂੰ ਗਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਹਮਲੇ ’ਚ ਸੈਨਾ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ। ਕਸ਼ਮੀਰ ਪੁਲੀਸ ਦੇ ਆਈਜੀ ਵਿਜੈ ਕੁਮਾਰ ਨੇ ਟਵੀਟ ਕੀਤਾ, ‘ਸ਼ੋਪੀਆਂ ਪੁਲੀਸ ਨੇ ਹਾਲ ਹੀ ਵਿੱਚ ਹੋਈ ਇੱਕ ਦਹਿਸ਼ਤੀ ਹਮਲੇ ਦੇ ਸਿਲਸਿਲੇ ’ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਤਿਵਾਦੀਆਂ ਨੇ ਇੱਕ ਵਾਹਨ ’ਤੇ ਹਮਲਾ ਕੀਤਾ ਸੀ ਜਿਸ ’ਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਤੇ ਕਈ ਹੋਰ ਜ਼ਖ਼ਮੀ ਹੋਏ ਸਨ।’
ਇਸ ਦੌਰਾਨ ਜੰਮੂ ਕਸ਼ਮੀਰ ’ਚ ਪੁਲੀਸ ਪਾਕਿਸਤਾਨ ਸਥਿਤ ਅਤਿਵਾਦੀ ਕਮਾਂਡਰਾਂ ਨਾਲ ਕਥਿਤ ਸੰਪਰਕ ਦੇ ਮਾਮਲੇ ’ਚ ਯੂਟੀ ’ਚ ਕਈ ਥਾਵਾਂ ’ਤੇ ਛਾਪੇ ਮਾਰ ਕੇ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਸ੍ਰੀਨਗਰ, ਬਾਰਾਮੂਲਾ, ਅਨੰਤਨਾਗ, ਕੁਲਗਾਮ ਤੇ ਜੰਮੂ ਖੇਤਰ ਦੇ ਜੰਮੂ, ਰਾਮਬਨ, ਊਧਮਪੁਰ ਤੇ ਕਠੂਆ ’ਚ ਛਾਪੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਪੁਲੀਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ
ਸੁਰੱਖਿਆ ਬਲਾਂ ਨਾਲ ਤਿੰਨ ਮੁਕਾਬਲਿਆਂ ਵਿੱਚ ਚਾਰ ਅਤਿਵਾਦੀ ਹਲਾਕ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਤੇ ਸ਼ੋਪੀਆਂ ਜ਼ਿਲ੍ਹਿਆਂ ’ਚ ਸੁਰੱਖਿਆ ਬਲਾਂ ਨਾਲ ਤਿੰਨ ਵੱਖ ਵੱਖ ਮੁਕਾਬਲਿਆਂ ’ਚ ਚਾਰ ਅਤਿਵਾਦੀ ਹਲਾਕ ਹੋ ਗਏ ਜਿਨ੍ਹਾਂ ’ਚੋਂ ਦੋ ਪਾਕਿਸਤਾਨੀ ਹਨ ਜਦਕਿ ਬਾਕੀ ਲਸ਼ਕਰ-ਏ-ਤਇਬਾ ਦੇ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੁਪਵਾੜਾ ਦੇ ਚਕਤਾਰਸ ਕੰਡੀ ਇਲਾਕੇ ’ਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੇ ਸੁਰੱਖਿਆ ਕਰਮੀਆਂ ’ਤੇ ਗੋਲੀਬਾਰੀ ਕਰ ਦਿੱਤੀ। ਸੁਰੱਖਿਆ ਬਲਾਂ ਨੇ ਇਸ ਦਾ ਢੁੱਕਵਾਂ ਜਵਾਬ ਦਿੱਤਾ ਜਿਸ ’ਚ ਦੋ ਅਤਿਵਾਦੀ ਹਲਾਕ ਹੋ ਗਏ। ਇਸੇ ਤਰ੍ਹਾਂ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਬੜੀਮਰਗ-ਅਲੌਰਾ ਇਲਾਕੇ ਦੇ ਬਾਗਾਂ ’ਚ ਵੱਖਰਾ ਮੁਕਾਬਲਾ ਹੋਇਆ ਜਿਸ ਵਿੱਚ ਇੱਕ ਅਤਿਵਾਦੀ ਹਲਾਕ ਹੋ ਗਿਆ। -ਪੀਟੀਆਈ
ਬੰਗਲੂਰੂ ਤੋਂ ਅਤਿਵਾਦੀ ਗ੍ਰਿਫ਼ਤਾਰ
ਬੰਗਲੂਰੂ: ਕਰਨਾਟਕ ਅਤੇ ਜੰਮੂ ਕਸ਼ਮੀਰ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਹਿਜ਼ਬੁਲ ਮੁਜਾਹਿਦੀਨ ਦਾ ਮਸ਼ਕੂਕ ਅਤਿਵਾਦੀ ਗ੍ਰਿਫ਼ਤਾਰ ਕੀਤਾ ਹੈ। ਤਾਲਬਿ ਹੁਸੈਨ ਨਾਮੀ ਇਹ ਵਿਅਕਤੀ 5 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜਦੋਂ ਜੰਮੂ ਕਸ਼ਮੀਰ ਵਿੱਚ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਉੱਥੋਂ ਭੱਜ ਕੇ ਬੰਗਲੂਰੂ ਆ ਕੇ ਲੁਕ ਗਿਆ। ਉਸ ਨੇ ਕਥਿਤ ਤੌਰ ’ਤੇ ਇੱਥੇ ਸ੍ਰੀਰਾਮਪੁਰਾ ਦੀ ਮਸਜਿਦ ਵਿੱਚ ਪਨਾਹ ਲਈ ਹੋਈ ਸੀ ਤੇ ਜੁਮੇ ਦੀ ਨਮਾਜ਼ ਵੇਲੇ ਪ੍ਰਵਚਨ ਦਿੰਦਾ ਸੀ। ਮੁੱਖ ਮੰਤਰੀ ਬਸਵਾਰਾਜ ਬੋਮਈ ਨੇ ਹੁਸੈਨ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ