ਨਵੀਂ ਦਿੱਲੀ, 7 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਸੁਝਾਅ ਦਿੱਤਾ ਹੈ ਕਿ ਹਾਲੀਆ ਅਸੈਂਬਲੀ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਆਪਕ/ਤਫ਼ਸੀਲੀ ਸਮੀਖਿਆ ਕੀਤੀ ਜਾਵੇ। ਸੂਤਰਾਂ ਮੁਤਾਬਕ ਸ੍ਰੀ ਮੋਦੀ ਨੇ ਆਗੂਆਂ ਨੂੰ ਕਿਹਾ ਕਿ ਉਹ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਯਕੀਨੀ ਬਣਾਉਣ। ਸੱਤਾਧਾਰੀ ਭਾਜਪਾ ਨੇ ਕਰੋਨਾ ਦੀ ਦੂਜੀ ਲਹਿਰ ਦੌਰਾਨ ਪਾਰਟੀ ਵੱਲੋਂ ਕੀਤੇ ਰਾਹਤ ਕਾਰਜਾਂ ਅਤੇ ਪੱਛਮੀ ਬੰਗਾਲ, ਅਸਾਮ, ਕੇਰਲਾ, ਤਾਮਿਲ ਨਾਡੂ ਤੇ ਪੁੱਡੂਚੇਰੀ ਵਿੱਚ ਹਾਲੀਆ ਅਸੈਂਬਲੀ ਚੋਣਾਂ ਵਿੱਚ ਆਪਣੀ ਕਾਰਗੁਜ਼ਾਰੀ ’ਤੇ ਨਜ਼ਰਸਾਨੀ ਦੀ ਦੋ ਰੋਜ਼ਾ ਮਸ਼ਕ ਐਤਵਾਰ ਨੂੰ ਪੂਰੀ ਕਰ ਲਈ ਸੀ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਦੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ (ਜਥੇਬੰਦੀ)ਬੀ.ਐੱਲ. ਸੰਤੋਸ਼ ਤੇ ਜੁਆਇੰਟ ਜਨਰਲ ਸਕੱਤਰ ਸ਼ਿਵ ਪ੍ਰਕਾਸ਼ ਮੌਜੂਦ ਸਨ। ਉਪਰੰਤ ਪਾਰਟੀ ਆਗੂ ਸ੍ਰੀ ਮੋਦੀ ਨੂੰ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ ’ਤੇ ਮਿਲੇ ਤੇ ਇਹ ਮੀਟਿੰਗ ਚਾਰ ਘੰਟਿਆਂ ਤੋਂ ਵੱਧ ਸਮਾਂ ਚੱਲੀ। ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਸਮਾਜ ਦੇ ਹਰ ਵਰਗ ਤੱਕ ਪਹੁੰਚ ਕਰਨ ਤੇ ਉਨ੍ਹਾਂ ਦੀ ਫੀਡਬੈਕ ਲੈਣ। -ਪੀਟੀਆਈ