ਮਹਾਵੀਰ ਜਿੰਦਲ
ਜੀਂਦ, 3 ਫਰਵਰੀ
ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਅੱਜ ਕੀਤੇ ਸ਼ਕਤੀ ਪ੍ਰਦਰਸ਼ਨ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੰਡੇਲਾ ਪਿੰਡ ਵਿੱਚ ਜੁੜੀ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਸਨੇ ਨਵੇਂ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਉਸ ਲਈ ਸੱਤਾ ਵਿੱਚ ਰਹਿਣਾ ਔਖਾ ਹੋ ਜਾਵੇਗਾ। ਟਿਕੈਤ ਨੇ ਕਿਹਾ ਕਿ ਪੰਜਾਬ ਹਮੇਸ਼ਾ ਵੱਡੇ ਭਰਾ ਦੀ ਭੂਮਿਕਾ ਵਿੱਚ ਰਹੇਗਾ ਅਤੇ ਹਰਿਆਣਾ ਤੇ ਯੂਪੀ ਹਮੇਸ਼ਾ ਉਸ ਦੀ ਪਿੱਠ ’ਤੇ ਖੜ੍ਹੇ ਰਹਿਣਗੇ। ਕਿਸਾਨ ਆਗੂ ਨੇ ਕਿਹਾ ਕਿ ਉਹ ਕਿਸਾਨਾਂ ਦੀ ਪੱਗ ਦੇ ਮਾਣ ਨੂੰ ਕਾਇਮ ਰੱਖਣਗੇ। ਕਿਸਾਨ ਯੂਨੀਅਨਾਂ ਵਿੱਚ ਏਕੇ ਦਾ ਇਜ਼ਹਾਰ ਕਰਦਿਆਂ ਟਿਕੈਤ ਨੇ ਬੀਕੇਯੂ (ਰਾਜੇਵਾਲ) ਦੇ ਪ੍ਰਧਾਨ ਦਾ ਉਚੇਚੇ ਤੌਰ ’ਤੇ ਹਵਾਲਾ ਦਿੰਦਿਆਂ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ‘ਸਾਡੇ ਆਗੂ’ ਹਨ। ਮਹਾਪੰਚਾਇਤ ਵਿੱਚ ਮੌਜੂਦ ਆਗੂਆਂ ਨੇ ਇਸ ਮੌਕੇ ਸਰਬਸੰਮਤੀ ਨਾਲ ਪੰਜ ਮਤੇ ਵੀ ਪਾਸ ਕੀਤੇ, ਜਿਨ੍ਹਾਂ ਵਿੱਚ ਕਿਸਾਨਾਂ ਨਾਲ ਮੀਟਿੰਗ ਮੌਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਮੌਜੂਦਗੀ ਲਾਜ਼ਮੀ, ਤਿੰਨੋਂ ਕਾਨੂੰਨ ਰੱਦ ਕਰਨ, ਫ਼ਸਲਾਂ ਦੀ ਐੈੱਮਐੱਸਪੀ ’ਤੇ ਖਰੀਦ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਕਿਸਾਨਾਂ ਖ਼ਿਲਾਫ਼ ਦਰਜ ਝੂਠੇ ਕੇਸ ਰੱਦ ਕਰਨ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਰਿਹਾਅ ਕਰਨਾ ਸ਼ਾਮਲ ਹਨ। ਮਹਾਪੰਚਾਇਤ ਵਿੱਚ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਖਾਪ ਪੰਚਾਇਤਾਂ ਦੇ ਆਗੂ ਹਾਜ਼ਰ ਸਨ। ਇਸ ਦੌਰਾਨ ਮੰਚ ’ਤੇ ਜ਼ਿਆਦਾ ਭੀੜ ਕਰਕੇ ਸਟੇਜ ਟੁੱਟ ਗਈ, ਪਰ ਕਿਸਾਨ ਆਗੂਆਂ ਦੇ ਗੰਭੀਰ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਮਹਾਪੰਚਾਇਤ ਵਿੱਚ ਬੀਕੇਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਤੇ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ 50 ਤੋਂ ਵੱਧ ‘ਖਾਪ’ ਆਗੂ ਮੌਜੂਦ ਸਨ। ਮਹਾਪੰਚਾਇਤ ਦਾ ਪ੍ਰਬੰਧ ਸਰਵ ਜਾਤੀ ਕੰਡੇਲਾ ਖਾਪ ਦੇ ਮੁਖੀ ਟੇਕਰਾਮ ਖੰਡੇਲਾ ਨੇ ਕੀਤਾ ਸੀ।
ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨ ਅਜੇ ਸਿਰਫ਼ ਵਿਵਾਦਿਤ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਆਪਣੀ ਮੰਗ ’ਤੇ ਬਜ਼ਿੱਦ ਹਨ, ਪਰ ਜੇ ਉਹ ਕੇਂਦਰ ਦੀ ਮੋਦੀ ਸਰਕਾਰ ਨੂੰ ਲਾਂਭੇ ਕਰਨ ਲਈ ਅੜ ਗਏ ਤਾਂ ਕੀ ਹੋਵੇਗਾ? ਉਨ੍ਹਾਂ ਨਰਿੰਦਰ ਮੋਦੀ ਸਰਕਾਰ ਨੂੰ ਅਸਿੱਧੇ ਤੌਰ ’ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸਾਨ ਅੰਦੋਲਨ ਜਾਰੀ ਰਿਹਾ ਤਾਂ ਉਨ੍ਹਾਂ ਨੂੰ ਆਪਣੀ ਗੱਦੀ’ ਵੀ ਗੁਆਉਣੀ ਪੈ ਸਕਦੀ ਹੈ। ਉਨ੍ਹਾਂ ਕਿਹਾ, ‘ਹੁਣ ਤੱਕ ਅਸੀਂ ‘ਬਿੱਲ ਵਾਪਸੀ’ ਦੀ ਹੀ ਗੱਲ ਕੀਤੀ ਹੈ। ਸਰਕਾਰ ਕੰਨ ਖੋਲ੍ਹ ਕੇ ਸੁਣ ਲਏ ਕਿ ਜੇ ਨੌਜਵਾਨਾਂ ਨੇ (ਗੱਦੀ ਵਾਪਸੀ) ਸੱਦਾ ਦੇ ਦਿੱਤਾ ਤਾਂ ਫਿਰ ਕੀ ਬਣੇਗਾ? ਉਨ੍ਹਾਂ ਕਿਹਾ ਕਿ ਸਰਕਾਰ ਇਹ ਗੱਲ ਭਲੀਭਾਂਤ ਸਮਝ ਲਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਹਰ ਪੈਂਤੜਾ ਖੇਡ ਲਿਆ ਹੈ, ਪਰ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ। ਕਿਸਾਨਾਂ ਨੂੰ ਤਿੰਨੋਂ ਖੇਤੀ ਕਾਨੂੰਨਾਂ ’ਤੇ ਲੀਕ ਮਾਰਨ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਏਕੇ ਤੋਂ ਡਰ ਗਈ ਹੈ ਤੇ ਇਹੀ ਵਜ੍ਹਾ ਹੈ ਕਿ ਦਿੱਲੀ ਦੇ ਆਲੇ ਦੁਆਲੇ ਕਿਲੇਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਕਿਸਾਨ ਡਰਨ ਵਾਲਾ ਨਹੀਂ ਹੈ। ਦਿੱਲੀ ਵਿੱਚ ਪੁਲੀਸ ਵੱਲੋਂ ਧਰਨੇ ਵਾਲੀਆਂ ਥਾਵਾਂ ’ਤੇ ਸੜਕਾਂ ’ਤੇ ਨੁਕੀਲੇ ਕਿੱਲ ਗੱਡਣ ਦੀ ਗੱਲ ਕਰਦਿਆਂ ਟਿਕੈਤ ਨੇ ਕਿਹਾ ਕਿ ਲੋੜ ਪਈ ਤਾਂ ਉਹ ਕਿੱਲਾਂ ’ਤੇ ਲੇਟ ਜਾਣਗੇ ਤਾਂ ਕਿ ਹੋਰ ਲੋਕ ਉਨ੍ਹਾਂ ’ਤੇ ਪੈਰ ਧਰ ਕੇ ਅੱਗੇ ਵਧ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ’ਚ ਹਾਜ਼ਰੀ ਲਵਾਉਣ ਤੋਂ ਪਹਿਲਾਂ ਕਿਸਾਨ ਆਪਣੇ ਖੇਤ ’ਚ ਨੰਗੇ ਪੈਰ ਜਾਣ, ਉਸ ਨੂੰ ਮੱਥਾ ਟੇਕਣ ਤੇ ਆਪਣੇ ਮੱਥੇ ’ਤੇ ਮਿੱਟੀ ਲਾ ਕੇ ਅੰਦੋਲਨ ਵੱਲ ਰੁਖ਼ ਕਰਨ।’ ਟਿਕੈਤ ਟਰੈਕਟਰ ਚਲਾ ਕੇ ਖੁ਼ਦ ਮਹਾਪੰਚਾਇਤ ਵਾਲੀ ਥਾਂ ਪੁੱਜੇ।
ਬੀਕੇਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਤਿਆਰ ਕੀਤੇ ਗਏ ਹਨ ਤੇ ਕਿਸਾਨੀ ਨੂੰ ਤਬਾਹ ਕਰ ਦੇਣਗੇ। ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਕੌਮੀ ਰਾਜਧਾਨੀ ਦੀਆਂ ਬਰੂਹਾਂ ’ਤੇ ਠੰਢੀਆਂ ਰਾਤਾਂ ਵਿੱਚ ਬੈਠਾ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ 150 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਉਨ੍ਹਾਂ ਨਾਲ ਅਣਮਨੁੱਖੀ ਵਿਹਾਰ ਕਰ ਰਹੀ ਹੈ। ਉਨ੍ਹਾਂ ਸਾਰਿਆਂ ਨੂੰ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸੱਤਾ ਦੇ ਨਸ਼ੇ ਵਿੱਚ ਕੁਝ ਸੁਣਾਈ ਨਹੀਂ ਦੇ ਰਿਹਾ ਹੈ, ਪਰ ਦੇਸ਼ ਦੇ ਹਰ ਵਰਗ ਦੇ ਲੋਕ ਕੇਂਦਰ ਸਰਕਾਰ ਨੂੰ ਆਪਣੀ ਗੱਲ ਸੁਣਾ ਕੇ ਰਹਿਣਗੇ। ਉਨ੍ਹਾਂ 6 ਫਰਵਰੀ ਨੂੰ ‘ਚੱਕਾ ਜਾਮ’ ਦੀਆਂ ਤਿਆਰੀਆਂ ਲਈ ਵੀ ਪ੍ਰੇਰਿਆ। ਸ੍ਰੀ ਰਾਜੇਵਾਲ ਨੇ ਆਪਣੇ ਸੰਬੋਧਨ ਵਿੱਚ ਮੋਦੀ ਸਰਕਾਰ ਨੂੰ ਜੰਮ ਕੇ ਰਗੜੇ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ ਵਿਹਾਰ, ਕੁੱਲ ਆਲਮ ਵਿੱਚ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦਾ। ਉਨ੍ਹਾਂ ਮਹਾਪੰਚਾਇਤ ਨੂੰ ਦੱਸਿਆ, ‘ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਕਿਸਾਨਾਂ ਤੇ ਇਸ ਦੇਸ਼ ਨੂੰ ਤਬਾਹ ਕਰ ਦੇਣਗੇ। ਅਸੀਂ ਕਈ ਮਹੀਨੇ ਪਹਿਲਾਂ ਪੰਜਾਬ ਤੋਂ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਜੋ ਹੁਣ ਪੂਰੇ ਮੁਲਕ ਵਿੱਚ ਫੈਲ ਚੁੱਕਾ ਹੈ।’ ਰਾਜੇਵਾਲ ਨੇ ਦਿੱਲੀ ਵਿੱਚ ਧਰਨੇ ਵਾਲੀ ਥਾਂ ’ਤੇ ਨਵੇਂ ਪੁਲੀਸ ਬੈਰੀਕੇਡਾਂ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਥਾਵਾਂ ਨੂੰ ‘ਖੁੱਲ੍ਹੀ ਜੇਲ੍ਹ’ ਵਿੱਚ ਤਬਦੀਲ ਕਰ ਦਿੱਤਾ ਹੈ।
ਜੀਂਦ ਜ਼ਿਲ੍ਹੇ ਵਿੱਚ ਸਰਵ ਜਾਤੀ ਕੰਡੇਲਾ ਖਾਪ ਪੰਚਾਇਤ ਦੀ ਅਗਵਾਈ ਵਿੱਚ ਕੀਤੀ ਮਹਾਪੰਚਾਇਤ ਵਿੱਚ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਕਿਸਾਨਾਂ ਨੇ ਹਿੱਸਾ ਲਿਆ। ਮਹਾਪੰਚਾਇਤ ਦੀ ਮੁੱਖ ਸਟੇਜ ’ਤੇ ਭੀੜ ਜ਼ਿਆਦਾ ਹੋਣ ਕਰਕੇ ਸਟੇਜ ਟੁੱਟ ਗਈ। ਹਾਲਾਂਕਿ ਇਸ ਦੌਰਾਨ ਕਿਸਾਨ ਆਗੂਆਂ ਦੇ ਗੰਭੀਰ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਸਰਵ ਜਾਤੀ ਕੰਡੇਲਾ ਖਾਪ ਪੰਚਾਇਤ ਦੇ ਪ੍ਰਧਾਨ ਟੇਕਰਾਮ ਕੰਡੇਲਾ ਦੇ ਗੋਡੇ ’ਤੇ ਸੱਟ ਲੱਗੀ ਹੈ। ਮਹਾਪੰਚਾਇਤ ਵਿੱਚ ਹਾਜ਼ਰੀ ਲਵਾਉਣ ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਉਚਾਨਾ ਦੇ ਖਟਕੜ ਟੌਲ ਪਲਾਜ਼ੇ, ਜੁਲਾਨਾ ਵਿੱਚ ਪਹੁੰਚਣ ਉੱਤੇ ਨਿੱਘਾ ਸਵਾਗਤ ਕੀਤਾ ਗਿਆ।
ਕਿਸਮਤ ਵਾਲਿਆਂ ਦੇ ਟੁੱਟਦੇ ਨੇ ਮੰਚ
ਜੀਂਦ: ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਮਤ ਵਾਲਿਆਂ ਦੇ ਹੀ ਮੰਚ ਟੁੱਟਦੇ ਹਨ। ਮਹਾਪੰਚਾਇਤ ਲਈ ਜੀਂਦ ਦੇ ਪਿੰਡ ਕੰਡੇਲਾ ਪੁੱਜੇ ਟਿਕੈਤ ਨੇ ਮੰਚ ਤੋਂ ਸੰਬੋਧਨ ਕਰਨਾ ਸੀ, ਪਰ ਇਸ ਤੋਂ ਪਹਿਲਾਂ ਵਧੇਰੇ ਭੀੜ ਹੁਣ ਕਰਕੇ ਮੰਚ ਟੁੱਟ ਗਿਆ। ਮੰਚ ਟੁੱਟਦੇ ਹੀ ਟਿਕੈਤ ਤੇ ਚੜੂਨੀ ਹੇਠਾਂ ਆਣ ਡਿੱਗੇ। ਇਸ ਦੌਰਾਨ ਭਗਦੜ ਮਚ ਗਈ, ਪਰ ਥੋੜ੍ਹੀ ਦੇਰ ਬਾਅਦ ਟਿਕੈਤ ਮੰਚ ’ਤੇ ਆ ਗਏ। -ਪੀਟੀਆਈ
ਪਿੰਡ ਕੰਡੇਲਾ ਮੁੜ ਬਣਿਆ ਕਿਸਾਨ ਅੰਦੋਲਨ ਦਾ ਕੇਂਦਰ
ਜੀਂਦ : ਸਾਲ 1993 ਤੋਂ 2005 ਤੱਕ ਪ੍ਰਦੇਸ਼ ਵਿੱਚ ਕਿਸਾਨ ਅੰਦੋਲਨਾਂ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਜੀਂਦ ਜ਼ਿਲ੍ਹੇ ਦਾ ਪਿੰਡ ਕੰਡੇਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਿੱਲੀ ਦੇ ਗਾਜ਼ੀਪੁਰ ਬਾਰਡਰ ਉੱਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਬੀਕੇਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਹਰਿਆਣਾ ਵਿੱਚ ਸਭ ਤੋਂ ਪਹਿਲਾਂ ਕੰਡੇਲਾ ਪਿੰਡ ਵਿੱਚ ਲੋਕਾਂ ਨੇ ਜਾਮ ਲਗਾਇਆ ਸੀ। ਖੱਟਰ ਸਰਕਾਰ ਵੱਲੋਂ ਮੋਬਾਈਲ ਇੰਟਰਨੈੱਟ ਉੱਤੇ ਲਾਈ ਰੋਕ ਖ਼ਿਲਾਫ਼ ਵੀ ਹਰਿਆਣਾ ਵਿੱਚ ਸਭ ਤੋਂ ਪਹਿਲਾਂ ਕੰਡੇਲਾ ਦੇ ਲੋਕਾਂ ਨੇ ਹੀ ਜੀਂਦ-ਚੰਡੀਗੜ੍ਹ ਹਾਈਵੇਅ ਨੂੰ ਜਾਮ ਕੀਤਾ ਸੀ। ਕੰਡੇਲਾ ਪਿੰਡ ਦੀ ਧਰਤੀ ਉੱਤੇ ਹੋਈ ਅੱਜ ਦੀ ਮਹਾਪੰਚਾਇਤ ਨੇ ਕਿਸਾਨ ਅੰਦੋਲਨ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕੰਡੇਲਾ ਦੀ ਖਾਪ ਪੰਚਾਇਤ ਵੱਲੋਂ ਕਈ ਇਤਿਹਾਸਕ ਫੈਸਲੇ ਕੀਤੇ ਗਏ ਹਨ।