ਨਵੀਂ ਦਿੱਲੀ, 6 ਜੁਲਾਈ
ਮੁੱਖ ਅੰਸ਼
- ਹਿਰਾਸਤਵਿੱਚ ਹੋਈ ਮੌਤ ਪ੍ਰੇਸ਼ਾਨ ਕਰਨ ਵਾਲੀ ਕਰਾਰ
- ਸਵਾਮੀ ਅਤੇ 15 ਹੋਰ ਕਾਰਕੁਨਾਂ ਦੇ ਕੇਸ ਭਾਰਤ ਸਰਕਾਰ ਕੋਲ ਉਭਾਰਦੀ ਰਹੀ ਹੈ ਸੰਯੁਕਤ ਰਾਸ਼ਟਰ ਦੀ ਸੰਸਥਾ
ਮਨੁੱਖੀ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਦੀ ਸੰਸਥਾ ਨੇ ਅੱਜ ਕਿਹਾ ਕਿ ਉਹ 84 ਸਾਲਾ ਕਾਰਕੁਨ ਸਟੈਨ ਸਵਾਮੀ ਦੀ ਹਿਰਾਸਤ ਵਿਚ ਹੋਈ ਮੌਤ ਤੋਂ ਬਹੁਤ ਦੁਖੀ ਹਨ, ਇਹ ਪ੍ਰੇਸ਼ਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਦੀ ਹਾਈ ਕਮਿਸ਼ਨਰ ਮਿਸ਼ੇਲ ਬੈਸ਼ਲੇ ਤੇ ਸੰਯੁਕਤ ਰਾਸ਼ਟਰ ਦੇ ਖ਼ੁਦਮੁਖਤਿਆਰ ਮਾਹਿਰ ਲਗਾਤਾਰ ਸਵਾਮੀ ਦੇ ਕੇਸਾਂ ਦਾ ਮੁੱਦਾ ਚੁੱਕਦੇ ਰਹੇ ਹਨ। ਇਸ ਤੋਂ ਇਲਾਵਾ 15 ਹੋਰਨਾਂ ਮਨੁੱਖੀ ਹੱਕ ਕਾਰਕੁਨਾਂ ਦੀ ਰਿਹਾਈ ਦਾ ਮੁੱਦਾ ਵੀ ਭਾਰਤ ਸਰਕਾਰ ਨਾਲ ਉਭਾਰਿਆ ਗਿਆ ਹੈ ਜਿਨ੍ਹਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਹਿਰਾਸਤ ਵਿਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਐਲਗਾਰ ਪ੍ਰੀਸ਼ਦ-ਮਾਓਵਾਦੀਆਂ ਦੇ ਸਬੰਧਾਂ ਬਾਰੇ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਪਾਦਰੀ-ਕਾਰਕੁਨ ਸਟੈਨ ਸਵਾਮੀ ਦੀ ਸੋਮਵਾਰ ਮੁੰਬਈ ਦੇ ਹਸਪਤਾਲ ਵਿਚ ਮੌਤ ਹੋ ਗਈ ਸੀ। ਉਨ੍ਹਾਂ ਨੂੰ ਅਕਤੂਬਰ 2020 ਵਿਚ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਕਮਿਸ਼ਨਰ ਦੀ ਤਰਜਮਾਨ ਲਿਜ਼ ਥਰੋਸੈੱਲ ਨੇ ਕਿਹਾ ਕਿ ‘ਫਾਦਰ ਸਟੈਨ ਸਵਾਮੀ ਆਪਣੀ ਗ੍ਰਿਫ਼ਤਾਰੀ ਦੇ ਸਮੇਂ ਤੋਂ ਹੀ ਬਿਨਾਂ ਜ਼ਮਾਨਤ ਸੁਣਵਾਈ ਦੌਰਾਨ ਹਿਰਾਸਤ ਵਿਚ ਹੀ ਸਨ। ਤਰਜਮਾਨ ਨੇ ਕਿਹਾ ਕਿ ਸਵਾਮੀ ਲੰਮੇ ਸਮੇਂ ਤੋਂ ਸਰਗਰਮ ਕਾਰਕੁਨ ਸਨ, ਖਾਸ ਕਰ ਕੇ ਆਦਿਵਾਸੀਆਂ ਤੇ ਹੋਰਾਂ ਪੱਛੜੇ ਲੋਕਾਂ ਦੇ ਹੱਕਾਂ ਲਈ ਸਰਗਰਮ ਸਨ।’ -ਪੀਟੀਆਈ
ਸਟੈਨ ਸਵਾਮੀ ਖ਼ਿਲਾਫ਼ ਕਾਰਵਾਈ ਕਾਨੂੰਨ ਮੁਤਾਬਕ ਹੀ ਕੀਤੀ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਕਬਾਇਲੀ ਹੱਕਾਂ ਬਾਰੇ ਕਾਰਕੁਨ ਤੇ ਈਸਾਈ ਪਾਦਰੀ ਸਟੈਨ ਸਵਾਮੀ ਦੀ ਮੌਤ ਨੂੰ ਲੈ ਕੇ ਆਲਮੀ ਪੱਧਰ ’ਤੇ ਹੋ ਰਹੀ ਨੁਕਤਾਚੀਨੀ ਨੂੰ ਰੱਦ ਕਰਦਿਆਂ ਭਾਰਤ ਨੇ ਅੱਜ ਕਿਹਾ ਕਿ ਉਸ ਨੇ ਇਸ ਕੇਸ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਸੀ ਤੇ ਇਸ ਦੌਰਾਨ ਹਰ ਮੁਨਾਸਬਿ ਅਮਲ ਦੀ ਪਾਲਣਾ ਕੀਤੀ ਗਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਬੰਧਤ ਅਥਾਰਿਟੀਜ਼ ਨੇ ਕਾਨੂੰਨ ਦੀ ਉਲੰਘਣਾ ਖਿਲਾਫ਼ ਕਾਰਵਾਈ ਕੀਤੀ ਸੀ ਤੇ (ਪੀੜਤ ਨੂੰ) ਕਾਨੂੰਨ ’ਚ ਮਿਲਦੇ ਹੱਕਾਂ ’ਤੇ ਕੋਈ ਰੋਕ ਨਹੀਂ ਲਾਈ। ਵਿਦੇਸ਼ ਮੰਤਰਾਲੇ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਆਪਣੇ ਸਾਰੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਤੇ ਹਮਾਇਤ ਲਈ ਵਚਨਬੱਧ ਹੈ। ਮੰਤਰਾਲੇ ਨੇ ਕਿਹਾ ਕਿ ਨਿਰਪੱਖ ਨਿਆਂਪਾਲਿਕਾ ਅਤੇ ਕਈ ਕੌਮੀ ਤੇ ਰਾਜ ਪੱਧਰੀ ਮਨੁੱਖੀ ਅਧਿਕਾਰ ਕਮਿਸ਼ਨਾਂ ਨੇ ਮੁਲਕ ਦੇ ਜਮਹੂਰੀ ਰਾਜ ਪ੍ਰਬੰਧ ਦੀ ਸ਼ਲਾਘਾ ਕੀਤੀ ਹੈ। ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਭਾਰਤ ਵਿੱਚ ਅਥਾਰਿਟੀਜ਼ ਕਾਨੂੰਨ ਦੀ ਉਲੰਘਣਾ ਖ਼ਿਲਾਫ਼ ਕਾਰਵਾਈ ਕਰਦੀਆਂ ਹਨ ਤੇ ਸਰਕਾਰ ਨੇ ਕਦੇ ਵੀ ਕਾਨੂੰਨੀ ਹੱਕਾਂ ਦੀ ਉਲੰਘਣਾ ਨਹੀਂ ਕੀਤੀ।’ ਤਰਜਮਾਨ ਨੇ ਕਿਹਾ ਕਿ ਕੋਰਟਾਂ ਵੱਲੋਂ ਸਵਾਮੀ ਦੀ ਸਿਹਤ ਤੇ ਮੈਡੀਕਲ ਇਲਾਜ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਸੀ ਤੇ 5 ਜੁਲਾਈ ਨੂੰ ਮੈਡੀਕਲ ਪੇਚੀਦਗੀਆਂ ਕਰਕੇ ਉਨ੍ਹਾਂ ਦੀ ਮੌਤ ਹੋ ਗਈ। -ਪੀਟੀਆਈ