ਨਵੀਂ ਦਿੱਲੀ, 29 ਸਤੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ‘ਜਲੀਕੱਟੂ’ ਅਤੇ ਬੈਲਗੱਡੀ ਦੌੜਾਂ ਦੀ ਆਗਿਆ ਦੇਣ ਵਾਲੇ ਤਾਮਿਲ ਨਾਡੂ ਅਤੇ ਮਹਾਰਾਸ਼ਟਰ ਦੇ ਕਾਨੂੰਨਾਂ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ 22 ਨਵੰਬਰ ਨੂੰ ਸੁਣਵਾਈ ਕਰੇਗੀ। ਜਸਟਿਸ ਕੇ.ਐੱਮ. ਜੋਸਫ਼ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਸਾਹਮਣੇ ਪੇਸ਼ ਹੋਏ ਪਟੀਸ਼ਨਰਾਂ ਦੇ ਵਕੀਲ ਆਨੰਦ ਗਰੋਵਰ ਨੇ ਕਿਹਾ ਕਿ ਜਲੀਕੱਟੂ ਦੇ ਸਬੰਧ ਵਿੱਚ ਕਾਨੂੰਨ ਵਿੱਚ ਕੀਤੀਆਂ ਗਈਆਂ ਸੋਧਾਂ ਗ਼ੈਰ-ਸੰਵਿਧਾਨਕ ਹਨ। ਦੱਸਣਯੋਗ ਹੈ ਕਿ ਸਿਖਰਲੀ ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਪਸ਼ੂ ਕਰੂਰਤਾ ਰੋਕੂ (ਤਾਮਿਲ ਨਾਡੂ ਸੋਧ) ਕਾਨੂੰਨ 2017 ਨੂੰ ਚੁਣੌਤੀਆਂ ਦਿੰਦੀਆਂ ਪਟੀਸ਼ਨਾਂ ’ਤੇ ਇੱਕ ਵੱਡੇ ਬੈਂਚ ਵੱਲੋਂ ਫ਼ੈਸਲਾ ਕੀਤੇ ਜਾਣ ਦੀ ਲੋੜ ਹੈ। ਪਟੀਸ਼ਨਰਾਂ ਵਿੱਚ ਪਸ਼ੂ ਅਧਿਕਾਰਾਂ ਬਾਰੇ ਸੰਸਥਾ ‘ਪੇਟਾ’ (ਪੀਈਟੀਏ) ਵੀ ਸ਼ਾਮਲ ਹੈ। -ਪੀਟੀਆਈ