ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਅੰਮ੍ਰਿਤਸਰ, 18 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਬੁਲ ਦੇ ਗੁਰਦੁਆਰੇ ਕਰਤੇ ਪ੍ਰਵਾਨ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਫਗਾਨਿਸਤਾਨ ਦੀ ਧਰਤੀ ’ਤੇ ਘੱਟ ਗਿਣਤੀ ਵਰਗ, ਖਾਸਕਰ ਸਿੱਖਾਂ ਨਾਲ ਵੱਡੇ ਪੱਧਰ ’ਤੇ ਵਿਤਕਰਾ ਹੋ ਰਿਹਾ ਹੈ ਅਤੇ ਮੁਸਲਿਮ ਬਹੁਗਿਣਤੀ ਵਾਲੇ ਇਸ ਦੇਸ਼ ਵਿੱਚ ਸਿੱਖਾਂ ਨੂੰ ਅਤਿਵਾਦੀ ਘਟਨਾਵਾਂ ਨਾਲ ‘ਡਰਾਇਆ’ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਸਿੱਖਾਂ ਨੂੰ ਅਫਗਾਨਿਸਤਾਨ ਤੋਂ ਵਾਪਸ ਲਿਆਉਣ ਲਈ ਈ-ਵੀਜ਼ਾ ਜਾਰੀ ਕਰਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕਈ ਵਾਰ ਬੇਨਤੀਆਂ ਕੀਤੀਆ ਜਾ ਚੁੱਕੀਆਂ ਹਨ ਪਰ ਸੁਣਵਾਈ ਨਹੀਂ ਹੋ ਰਹੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਡਿਪਟੀ ਸਕੱਤਰ (ਮੀਡੀਆ) ਕੁਲਵਿੰਦਰ ਸਿੰਘ ਰਾਮਦਾਸ ਨੇ ਕਿਹਾ ਕਿ ਉਹ ਗੁਰਦੁਆਰੇ ਦੇ ਮੈਨੇਜਰ ਗੁਰਨਾਮ ਸਿੰਘ ਦੇ ਸਪੰਰਕ ਵਿੱਚ ਹਨ ਤੇ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ।