ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਸਾਊਦੀ ਅਰਬ ਵਿੱਚ ਮੁਸਲਿਮ ਰੀਤੀ ਰਿਵਾਜਾਂ ਮੁਤਾਬਕ ਦਫ਼ਨਾਏ ਗਏ ਇੱਕ ਹਿੰਦੂ ਵਿਅਕਤੀ ਦੀਆਂ ਅਸਥੀਆਂ ਭਾਰਤ ਵਾਪਸ ਲਿਆਂਦੀਆਂ ਗਈਆਂ ਹਨ ਤੇ ਉਸ ਦੇ ਪਰਿਵਾਰ ਹਵਾਲੇ ਕੀਤੀਆਂ ਜਾ ਰਹੀਆਂ ਹਨ। ਜਸਟਿਸ ਪ੍ਰਤਿਭਾ ਐੱਮ ਸਿੰਘ ਨੂੰ ਕੇਂਦਰ ਸਰਕਾਰ ਦੇ ਸਟੈਂਡਿੰਗ ਕਾਊਂਸਿਲ ਰਿਪੂਦਮਨ ਭਾਰਦਵਾਜ ਨੇ ਦੱਸਿਆ ਕਿ ਇਹ ਅਸਥੀਆਂ ਅੱਜ ਸਵੇਰੇ ਭਾਰਤ ਪੁੱਜੀਆਂ ਤੇ ਮ੍ਰਿਤਕ ਦੇ ਊਨਾ ਵਿੱਚ ਰਹਿੰਦੇ ਪਰਿਵਾਰ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਅਦਾਲਤ ਨੇ ਕਿਹਾ ਕਿ ਇਹ ਵੱਡੀ ਰਾਹਤ ਦੀ ਗੱਲ ਹੈ ਕਿ ਪਰਿਵਾਰ ਨੂੰ ਮ੍ਰਿਤਕ ਦੀਆਂ ਅਸਥੀਆਂ ਮਿਲ ਜਾਣਗੀਆਂ ਅਤੇ ਹੁਣ ਉਹ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਇਨ੍ਹਾਂ ਦੀਆਂ ਅੰਤਿਮ ਰਸਮਾਂ ਕਰ ਸਕਣਗੇ। ਅਦਾਲਤ ਨੇ ਸਾਊਦੀ ਅਰਬ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਵਿਦੇਸ਼ ਮੰਤਰਾਲੇ ਦੇ ‘ਕਾਊਂਸਲਰ, ਪਾਸਪੋਰਟ ਅਤੇ ਵੀਜ਼ਾ ਡਿਵੀਜ਼ਨ’ (ਸੀਪੀਵੀ)’ ਦੇ ਨਿਰਦੇਸ਼ਕ ਵਿਸ਼ਨੂ ਕੁਮਾਰ ਸ਼ਰਮਾ ਵੱਲੋਂ ਅਸਥੀਆਂ ਵਾਪਸ ਲਿਆਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। -ਪੀਟੀਆਈ