ਨਵੀਂ ਦਿੱਲੀ: ਵਿਸ਼ਵ ਭਰ ’ਚ ਵਿਰੋਧ ਦਰਜ ਕਰਵਾਉਣ ਦਾ ਤਰਾਨਾ ‘ਬੈਲਾ ਚਾਓ’ ਦਾ ਪੰਜਾਬੀ ਰੂਪ ‘ਵਾਪਸ ਜਾਓ’ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਆਵਾਜ਼ ਨਾਲ ਗੂੰਜਣ ਲੱਗਾ ਹੈ। ਸਪੈਨਿਸ਼ ਤਰਾਨੇ ਦਾ ਪੰਜਾਬੀ ਰੂਪ 27 ਸਾਲਾ ਪੂਜਨ ਸਾਹਿਲ ਨੇ ਤਿਆਰ ਕੀਤਾ ਹੈ। ਇਸ ਗੀਤ ਦੇ ਵੀਡੀਓ ਨੂੰ ਇਕ ਹਫਤੇ ਤੋਂ ਵੀ ਘੱਟ ਸਮੇਂ ’ਚ ਯੂਟਿਊਬ ’ਤੇ ਲਗਪਗ 2.7 ਲੱਖ ਵਿਊਜ਼ ਮਿਲੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵੱਡੇ ਪੱਧਰ ’ਤੇ ਸਾਂਝਿਆਂ ਕੀਤਾ ਗਿਆ ਹੈ। ਸਾਹਿਲ, ਜੋ ਦਿੱਲੀ ਦੇ ਸਕੂਲ ’ਚ ਗਣਿਤ ਅਧਿਆਪਕ ਹੈ, ਨੇ ਕਿਹਾ ਕਿ ਸਮਾਜਿਕ ਤੌਰ ’ਤੇ ਸੁਚੇਤ ਸੰਗੀਤਸਾਜ਼ ਲਈ ‘ਖੌਫ਼, ਗਾਲ੍ਹਾਂ ਤੇ ਨਿਰਾਸ਼ਾ’ ਇਕ ਬਰਾਬਰ ਹਨ, ਪਰ ਜੇ ਉਸ ਦੇ ਅਲਫ਼ਾਜ਼ ਪਿਛਲੇ ਇਕ ਮਹੀਨੇ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹਜ਼ਾਰਾਂ ਕਿਸਾਨਾਂ ਨੂੰ ਤਾਕਤ ਦਿੰਦੇ ਹਨ, ਤਾਂ ਇਹੀ ਮੁੱਲਵਾਨ ਲਗਦੇ ਹਨ। ਸਾਹਿਲ ਨੇ ਕਿਹਾ, ‘ਮੇਰੇ ਗੀਤਾਂ ਲਈ ਇਕ ਮਾਪਦੰਡ ਹੈ। ਜਿਵੇਂ ਹੀ ਯੂਟਿਊਬ ਕਮੈਂਟਸ ’ਚ ਗਾਲ੍ਹਾਂ ਮਿਲਣ ਲੱਗੀਆਂ, ਮੈਂ ਸਮਝ ਗਿਆ ਕਿ ਵੀਡੀਓ ਕੁਝ ਮਕਬੂਲ ਹੋ ਗਈ ਹੈ।’ ‘ਬੈਲਾ ਚਾਓ’ ਨੈੱਟਫਲਿਕਸ ਦੀ ਡਰਾਮਾ ਲੜੀ ‘ਮਨੀ ਹੀਸਟ’ ਦਾ ਮਕਬੂਲ ਗੀਤ ਹੈ ਤੇ ਸਾਹਿਲ ਨੇ ਇਸ ਸਾਲ ਸੀਏਏ ਵਿਰੋਧੀ ਪ੍ਰਦਰਸ਼ਨਾਂ ਮੌਕੇ ਇਸ ਦਾ ਹਿੰਦੀ ਰੂਪ ਤਿਆਰ ਕੀਤਾ ਸੀ।
-ਪੀਟੀਆਈ