ਨਵੀਂ ਦਿੱਲੀ, 29 ਜੁਲਾਈ
ਵਿਰੋਧੀ ਧਿਰਾਂ ਨੇ ਅੱਜ ਦੋਸ਼ ਲਾਇਆ ਕਿ ਸਰਕਾਰ ਨੇ ਧਰਨਾ ਦੇ ਰਹੇ ਮੁਅੱਤਲ ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਕੁਝ ਸਹੂਲਤਾਂ ਵਾਪਸ ਲੈ ਲਈਆਂ ਹਨ। ਇਹ ਮੈਂਬਰ ਸੰਸਦੀ ਕੰਪਲੈਕਸ ਵਿਚ ਰੋਸ ਮੁਜ਼ਾਹਰਾ ਕਰ ਰਹੇ ਹਨ। ਸੰਸਦ ਮੈਂਬਰ 50 ਘੰਟਿਆਂ ਲਈ ਧਰਨੇ ਉਤੇ ਬੈਠੇ ਹਨ ਤੇ ਅੱਜ ਪਹਿਲਾ ਦਿਨ ਸੀ। ਸੰਸਦੀ ਸਕੱਤਰੇਤ ਨੇ ਇਨ੍ਹਾਂ ਨੂੰ ਦੋ ਐਂਬੂਲੈਂਸਾਂ, ਇਕ ਡਾਕਟਰ, ਦੋ ਡਰਾਈਵਰ ਤੇ ਹੋਰ ਸਟਾਫ਼ ਉਪਲਬਧ ਕਰਾਇਆ ਸੀ। ਇਨ੍ਹਾਂ ਨੂੰ ਚਾਰ ਪੱਖੇ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ। ਹਾਲਾਂਕਿ ਵੀਰਵਾਰ ਕਾਰਾਂ ਕਥਿਤ ਤੌਰ ’ਤੇ ਵਾਪਸ ਲੈ ਲਈਆਂ ਗਈਆਂ ਤੇ ‘ਆਪ’ ਨੇ ਉਨ੍ਹਾਂ ਲਈ ਪੱਖੇ ਕਿਰਾਏ ਉਤੇ ਲੈਣ ਦੀ ਜ਼ਿੰਮੇਵਾਰੀ ਲੈ ਲਈ। ਹਾਲਾਂਕਿ ਮਗਰੋਂ ਪਾਰਟੀ ਨੇ ਪੱਖੇ ਉਪਲਬਧ ਨਹੀਂ ਕਰਾਏ ਤੇ ਖ਼ੁਦ ਪ੍ਰਬੰਧ ਕੀਤਾ ਗਿਆ। ਵਿਰੋਧੀ ਧਿਰ ਦੇ ਇਕ ਆਗੂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਮਾੜੀ ਹੈ। ਉਨ੍ਹਾਂ ਕਿਹਾ ਕਿ ਦੇਰ ਰਾਤ ਤੱਕ ਧਰਨੇ ਲਈ ਰੁਕਣ ਵਾਲੀਆਂ ਮਹਿਲਾ ਸੰਸਦ ਮੈਂਬਰਾਂ ਨੂੰ ਉਹ ਘਰ ਛੱਡ ਕੇ ਆਏ ਹਨ। ਸੁਵੱਖਤੇ ਆਏ ਮੈਂਬਰਾਂ ਨੂੰ ਵਿਰੋਧੀ ਧਿਰ ਦੇ ਹੋਰ ਮੈਂਬਰਾਂ ਨੇ ਧਰਨੇ ਵਾਲੀ ਥਾਂ ਆਪਣੇ ਨਿੱਜੀ ਵਾਹਨਾਂ ਵਿਚ ਛੱਡਿਆ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਇਹ ਕੰਮ ਵਿਰੋਧੀ ਧਿਰ ਕਰ ਨਹੀਂ ਸਕਦੀ ਪਰ ਸੰਸਦ ਮੈਂਬਰਾਂ ਨੂੰ ਅਜਿਹੀ ਸਹੂਲਤ ਮਿਲੀ ਹੋਈ ਹੈ। ਇਕ ਦਿਨ ਸਹੂਲਤਾਂ ਦੇ ਕੇ ਅਗਲੇ ਦਿਨ ਵਾਪਸ ਲੈਣਾ ਗਲਤ ਹੈ। ਟੀਐਮਸੀ ਸੰਸਦ ਮੈਂਬਰ ਮੌਸਮ ਨੂਰ ਤੇ ਸੁਸ਼ਮਿਤਾ ਦੇਵ ਸੰਸਦੀ ਕੰਪਲੈਕਸ ਦੇ ਦਾਖਲਾ ਗੇਟ ਉਤੇ ਵੀਰਵਾਰ ਅੱਧੀ ਰਾਤ ਤੱਕ ਰਹੀਆਂ। ਇਕ ਹੋਰ ਸੰਸਦ ਮੈਂਬਰ ਸ਼ਾਂਤਾ ਛੇਤਰੀ ਸ਼ੁੱਕਰਵਾਰ ਸਵੇਰੇ ਧਰਨੇ ਵਾਲੀ ਥਾਂ ਉਤੇ ਪੁੱਜੀ। ਰਾਜ ਸਭਾ ਦੇ ਮੁਅੱਤਲ ਮੈਂਬਰਾਂ- ਡੈਰੇਕ ਓ’ਬ੍ਰਾਇਨ (ਟੀਐਮਸੀ) ਤੇ ਸੰਜੇ ਸਿੰਘ (ਆਪ) ਨੇ ਵੀਰਵਾਰ ਰਾਤ ਧਰਨੇ ਵਾਲੀ ਥਾਂ ’ਤੇ ਬਿਤਾਈ। ਸੂਤਰਾਂ ਮੁਤਾਬਕ ਐਂਬੂਲੈਂਸ ਦੀ ਸਹੂਲਤ ਜਾਰੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੰਸਦ ਮੈਂਬਰ ਉਦੋਂ ਹੀ ਸੇਵਾਵਾਂ ਲੈ ਸਕਦੇ ਹਨ ਜਦ ਸੰਸਦ ਸੈਸ਼ਨ ਵਿਚ ਹੋਵੇ। ਵੀਰਵਾਰ ਸੰਸਦ ਮੈਂਬਰ ਧਰਨਾ ਦੇਣ ਲਈ ਗਾਂਧੀ ਦੇ ਬੁੱਤ ਅੱਗੇ ਬੈਠ ਗਏ ਸਨ। -ਪੀਟੀਆਈ
ਧਰਨੇ ’ਚ ‘ਚਿਕਨ’ ਖਾਣ ਦੇ ਦੋਸ਼ਾਂ ’ਤੇ ਮੋਇਤਰਾ ਨੇ ਭਾਜਪਾ ਨੂੰ ਘੇਰਿਆ
ਨਵੀਂ ਦਿੱਲੀ: ਭਾਜਪਾ ਵੱਲੋਂ ਕਾਂਗਰਸ ਸੰਸਦ ਮੈਂਬਰਾਂ ’ਤੇ ਗਾਂਧੀ ਦੇ ਬੁੱਤ ਨੇੜੇ ਧਰਨੇ ਵਾਲੀ ਥਾਂ ਮੁਰਗੇ ਦਾ ਮੀਟ (ਚਿਕਨ) ਖਾਣ ਦੇ ਲਾਏ ਦੋਸ਼ਾਂ ’ਤੇ ਵਿਅੰਗ ਕਸਦਿਆਂ ਟੀਐਮਸੀ ਮੈਂਬਰ ਮਹੂਆ ਮੋਇਤਰਾ ਨੇ ਕਿਹਾ ਕਿ ਭਾਜਪਾ ਨੂੰ ਦੋਸ਼ ਲਾਉਣ ਲਈ ਵੀ ਮਦਦ ਲੈਣੀ ਪੈ ਰਹੀ ਹੈ। ਧਰਨੇ ’ਤੇ ਬੈਠੇ ਮੈਂਬਰਾਂ ਉਤੇ ਇਹ ਦੋਸ਼ ਲੱਗੇ ਹਨ। ਮੋਇਤਰਾ ਨੇ ਅਸਿੱਧੇ ਤੌਰ ’ਤੇ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਨਿਸ਼ਾਨਾ ਬਣਾਇਆ। ਮੋਇਤਰਾ ਨੇ ਕਿਹਾ ਕਿ ਉਹ ਕਾਂਗਰਸ ’ਤੇ ਦੋਸ਼ ਲਾ ਰਹੇ ਹਨ ਜਦਕਿ ਇਨ੍ਹਾਂ ਦੇ ‘ਆਕਾਵਾਂ ਦੇ ਰੈਸਤਰਾਂ ਵਿਚ ਕਈ ਤਰ੍ਹਾਂ ਦਾ ਮਾਸ ਮਿਲਦਾ ਹੈ।’ ਜ਼ਿਕਰਯੋਗ ਹੈ ਕਿ ਇਰਾਨੀ ਦੀ ਬੇਟੀ ਉਤੇ ਗੈਰਕਾਨੂੰਨੀ ਬਾਰ ਚਲਾਉਣ ਦੇ ਦੋਸ਼ ਲੱਗੇ ਸਨ। -ਪੀਟੀਆਈ