ਨਵੀਂ ਦਿੱਲੀ: ਸਿੰਘੂ ਬਾਰਡਰ ’ਤੇ ਦਿੱਲੀ ਪੁਲੀਸ ਦੇ ਐੱਸਐੱਚਓ ’ਤੇ ਕਥਿਤ ਹਮਲਾ ਕਰਕੇ ਉਸੇ ਦੀ ਹੀ ਕਾਰ ਵਿੱਚ ਫ਼ਰਾਰ ਹੋਣ ਵਾਲੇ ਵਿਅਕਤੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੰਗਲਵਾਰ ਰਾਤ ਵਾਪਰੀ ਇਸ ਘਟਨਾ ਵਿੱਚ ਪੁਲੀਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਪੁਲੀਸ ਮੁਤਾਬਕ ਮੁਲਜ਼ਮ, ਜੋ ਨਸ਼ੇ ਦੀ ਹਾਲਤ ਵਿੱਚ ਸੀ, ਨੇ ਪੁਲੀਸ ਅਧਿਕਾਰੀ ਤੋਂ ਕਾਰ ਦੀਆਂ ਚਾਬੀਆਂ ਖੋਹੀਆਂ ਤੇ ਧਰਨੇ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ। ਪੁਲੀਸ ਮੁਤਾਬਕ ਇਸ ਵਿਅਕਤੀ ਜਦੋਂ ਦਾ ਪਿੱਛਾ ਕੀਤਾ ਤਾਂ ਪਹਿਲਾਂ ਉਹ ਕਾਰ ਇਕ ਥਾਂ ਛੱਡ ਕੇ ਭੱਜ ਤੁਰਿਆ। ਮਗਰੋਂ ਉਸ ਨੇ ਇਕ ਦੁਪਹੀਆ ਵਾਹਨ ਖੋਹਿਆ ਤੇ ਫਰਾਰ ਹੋ ਗਿਆ। ਸੁਰੱਖਿਆ ਅਮਲੇ ਨੇ ਉਸ ਨੂੰ ਰਾਤ ਸਾਢੇ ਅੱਠ ਵਜੇ ਦੇ ਕਰੀਬ ਮੁਕਰਬਾ ਚੌਕ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਐੱਸਐੱਚਓ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੋਂ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। -ਪੀਟੀਆਈ