ਨਵੀਂ ਦਿੱਲੀ, 26 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ੍ਰੀਲੰਕਾ ਵਿਚ ਉਨ੍ਹਾਂ ਦੇ ਹਮਰੁਤਬਾ ਮਹਿੰਦਾ ਰਾਜਪਕਸਾ ਵਿਚਾਲੇ ਆਨਲਾਈਨ ਦੁਵੱਲੇ ਸਿਖ਼ਰ ਸੰਮੇਲਨ ਦੌਰਾਨ ਅੱਜ ਘੱਟ ਗਿਣਤੀ ਤਾਮਿਲਾਂ ਦਾ ਮੁੱਦਾ ਉੱਭਰਿਆ। ਭਾਰਤ ਨੇ ਇਸ ਦੌਰਾਨ ਤਾਮਿਲਾਂ ਨੂੰ ਜ਼ਿਆਦਾ ਹੱਕ ਤੇ ਤਾਕਤਾਂ ਦੇਣ ਦੀ ਵਕਾਲਤ ਕੀਤੀ ਤਾਂ ਕਿ ਉਹ ਬਰਾਬਰੀ, ਨਿਆਂ, ਸ਼ਾਂਤੀ ਤੇ ਸਨਮਾਨ ਨਾਲ ਜੁੜੀਆਂ ਇੱਛਾਵਾਂ ਨੂੰ ਸਿਰੇ ਚੜ੍ਹਦਿਆਂ ਦੇਖ ਸਕਣ। ਭਾਰਤ ਨੇ ਕਿਹਾ ਕਿ ਇਸ ਤਰ੍ਹਾਂ ਸ਼ਾਂਤੀ ਦੀ ਪ੍ਰਕਿਰਿਆ ਅੱਗੇ ਵਧੇਗੀ ਤੇ ਦੋਵੇਂ ਧਿਰਾਂ ਇਕ-ਦੂਜੇ ਦੇ ਨੇੜੇ ਆ ਸਕਣਗੀਆਂ। ਗੱਲਬਾਤ ਦੌਰਾਨ ਮੋਦੀ ਨੇ ਸ੍ਰੀਲੰਕਾ ਦੇ ਸੰਵਿਧਾਨ ਵਿਚ 13ਵੀਂ ਸੋਧ ਨੂੰ ਸੰਪੂਰਨ ਰੂਪ ਵਿਚ ਲਾਗੂ ਕਰਨ ’ਤੇ ਜ਼ੋਰ ਦਿੱਤਾ।
ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਅਮਿਤ ਨਾਰੰਗ ਨੇ ਦੱਸਿਆ ਕਿ 13ਵੀਂ ਸੋਧ ਤਾਮਿਲਾਂ ਨੂੰ ਗੁਆਂਢੀ ਮੁਲਕ ਵਿਚ ਵੱਧ ਤਾਕਤਾਂ ਦੇਣ ਦੀ ਹਾਮੀ ਭਰਦੀ ਹੈ। ਦੋਵਾਂ ਆਗੂਆਂ ਨੇ ਹੋਰ ਵੀ ਕਈ ਮੁੱਦਿਆਂ ਉਤੇ ਗੱਲਬਾਤ ਕੀਤੀ ਜਿਨ੍ਹਾਂ ਵਿਚ ਰੱਖਿਆ- ਸੁਰੱਖਿਆ ਸਬੰਧ ਮਜ਼ਬੂਤ ਕਰਨਾ, ਵਪਾਰ ਤੇ ਨਿਵੇਸ਼ ਵਿਚ ਸਹਿਯੋਗ ਵਧਾਉਣਾ ਸ਼ਾਮਲ ਹੈ। ਦੋਵਾਂ ਆਗੂਆਂ ਨੇ ਮਛੇਰਿਆਂ ਦੇ ਮੁੱਦੇ ਉਤੇ ਵੀ ਗੱਲਬਾਤ ਕੀਤੀ। ਇਸ ਮੁੱਦੇ ਨੂੰ ‘ਮਨੁੱਖੀ ਤੇ ਉਸਾਰੂ ਪਹੁੰਚ’ ਨਾਲ ਹੱਲ ਕਰਨ ’ਤੇ ਸਹਿਮਤੀ ਬਣੀ ਹੈ। ਮੋਦੀ ਨੇ ਸ੍ਰੀਲੰਕਾ ਨਾਲ ਬੁੱਧ ਧਰਮ ਦੇ ਪੱਖ ਤੋਂ ਰਿਸ਼ਤੇ ਮਜ਼ਬੂਤ ਕਰਨ ਲਈ ਵਿੱਤੀ ਗਰਾਂਟ ਦਾ ਐਲਾਨ ਵੀ ਕੀਤਾ। ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਪਕਸਾ ਸਰਕਾਰ ਨੇ ਵੱਡੀ ਜਿੱਤ ਨਾਲ ਸੱਤਾ ਸੰਭਾਲੀ ਹੈ ਤੇ ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਗੂੜ੍ਹੇ ਸਹਿਯੋਗ ਦਾ ਰਾਹ ਖੁੱਲ੍ਹੇਗਾ। -ਪੀਟੀਆਈ