ਸ੍ਰੀਨਗਰ, 17 ਅਗਸਤ
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ੋਪੀਆਂ ‘ਚ ਕਸ਼ਮੀਰੀ ਪੰਡਤ ਦੀ ਹੱਤਿਆ ਕਰਨ ਵਾਲੇ ਅਤਿਵਾਦੀ ਆਦਿਲ ਵਾਨੀ ਦੇ ਘਰ ਨੂੰ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਦਕਿ ਉਸ ਨੂੰ ਪਨਾਹ ਦੇਣ ਦੇ ਦੋਸ਼ ‘ਚ ਉਸ ਦੇ ਪਿਤਾ ਅਤੇ ਤਿੰਨ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਆਦਿਲ ਵਾਨੀ ਨੇ ਮੰਗਲਵਾਰ ਨੂੰ ਸ਼ੋਪੀਆਂ ਪਿੰਡ ਦੇ ਬਾਗ ਵਿੱਚ ਸੁਨੀਲ ਕੁਮਾਰ ਭੱਟ ਦੀ ਹੱਤਿਆ ਕਰ ਦਿੱਤੀ ਸੀ ਅਤੇ ਬਾਅਦ ਵਿੱਚ ਕੁਟਪੋਰਾ ਸਥਿਤ ਆਪਣੇ ਘਰ ਵਿੱਚ ਲੁਕ ਗਿਆ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਪਰ ਵਾਨੀ ਪੁਲੀਸ ਪਾਰਟੀ ‘ਤੇ ਗ੍ਰਨੇਡ ਸੁੱਟ ਕੇ ਹਨੇਰੇ ‘ਚ ਫ਼ਰਾਰ ਹੋ ਗਿਆ। ਉਹ ਪਾਬੰਦੀਸ਼ੁਦਾ ਅਤਿਵਾਦੀ ਸਮੂਹ ਅਲ-ਬਦਰ ਦਾ ਮੈਂਬਰ ਹੈ। ਇਸ ਦੌਰਾਨ ਸੁਰੱਖਿਆ ਬਲਾਂ ਅਤੇ ਪੁਲੀਸ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਮੁਕਾਬਲੇ ਤੋਂ ਬਾਅਦ ਘੇਰਾਬੰਦੀ ਤੋਂ ਫ਼ਰਾਰ ਹੋਏ ਅਤਿਵਾਦੀਆਂ ਨੂੰ ਫੜਨ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ ਤੇ ਹਾਈ ਅਲਰਟ ਕਰ ਦਿੱਤਾ ਗਿਆ ਹੈ। ਬਲਾਂ ਨੇ ਐਤਵਾਰ ਨੂੰ ਰਾਜੌਰੀ ਦੇ ਜੰਗਲੀ ਖੇਤਰ ਵਿੱਚ 2-3 ਅਤਿਵਾਦੀਆਂ ਦੇ ਸਮੂਹ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਘੇਰਾਬੰਦੀ ਕਰ ਲਈ। ਉਨ੍ਹਾਂ ਕਿਹਾ ਕਿ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ ਅਤੇ ਭਾਰੀ ਮੀਂਹ ਅਤੇ ਖਰਾਬ ਮੌਸਮ ਦਾ ਫਾਇਦਾ ਉਠਾਉਂਦੇ ਹੋਏ ਫ਼ਰਾਰ ਹੋ ਗਏ।