ਨਵੀਂ ਦਿੱਲੀ: ਗ੍ਰਹਿ ਮੰਤਰਾਲਾ ‘ਸਾਵਧਾਨੀ ਵਜੋਂ’ ਏਅਰ ਇੰਡੀਆ ਦੇ ਨਵੇਂ ਸੀਈਓ ਤੇ ਐਮਡੀ ਇਲਕਰ ਆਇਸੀ ਦੇ ਪਿਛੋਕੜ ਬਾਰੇ ਜਾਂਚ-ਪੜਤਾਲ ਕਰੇਗਾ ਜੋ ਕਿ ਤੁਰਕੀ ਦੇ ਨਾਗਰਿਕ ਹਨ। ਟਾਟਾ ਗਰੁੱਪ ਨੇ ਹਾਲ ਹੀ ਵਿਚ ਏਅਰ ਇੰਡੀਆ ਨੂੰ ਸਰਕਾਰ ਤੋਂ ਹਾਸਲ ਕਰ ਕੇ ਇਸ ਦੀ ਕਮਾਨ ਸੰਭਾਲੀ ਹੈ। ਘਾਟੇ ਵਿਚ ਜਾ ਰਹੀ ਏਅਰਲਾਈਨ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਇਲਕਰ ਨੂੰ ਦਿੱਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਜਦ ਵੀ ਕਿਸੇ ਵਿਦੇਸ਼ੀ ਨਾਗਰਿਕ ਨੂੰ ਕਿਸੇ ਭਾਰਤੀ ਕੰਪਨੀ ਵਿਚ ਅਹਿਮ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਉਸ ਦਾ ਪਿਛੋਕੜ ਪੂਰੀ ਤਰ੍ਹਾਂ ਜਾਂਚਿਆ ਜਾਂਦਾ ਹੈ। ਹਾਲਾਂਕਿ ਗ੍ਰਹਿ ਮੰਤਰਾਲੇ ਨੂੰ ਆਇਸੀ ਦੀ ਨਿਯੁਕਤੀ ਬਾਰੇ ਨਾ ਤਾਂ ਟਾਟਾ ਗਰੁੱਪ ਤੇ ਨਾ ਹੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਕੋਈ ਜਾਣਕਾਰੀ ਦਿੱਤੀ ਹੈ। ਇਲਕਰ ਤੁਰਕੀ ਦੇ ਨਾਗਰਿਕ ਹਨ, ਇਸ ਲਈ ਉਨ੍ਹਾਂ ਬਾਰੇ ‘ਰਾਅ’ ਤੋਂ ਵੀ ਜਾਣਕਾਰੀ ਲਈ ਜਾਵੇਗੀ। -ਪੀਟੀਆਈ