ਨਵੀਂ ਦਿੱਲੀ, 13 ਜਨਵਰੀ
ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ ਨੇ ਚੋਣ ਕਮਿਸ਼ਨ ਕੋਲ ਦਾਖ਼ਲ ਕੀਤੀ ਆਪਣੀ ਆਡਿਟ ਕੀਤੀ ਸਾਲਾਨਾ ਰਿਪੋਰਟ ਵਿੱਚ ਵਿੱਤੀ ਸਾਲ 2020-21 ਵਿੱਚ 17 ਕਰੋੜ ਰੁਪਏ ਤੋਂ ਵਧ ਖਰਚਣ ਦਾ ਦਾਅਵਾ ਕੀਤਾ ਹੈ ਜਦੋਂਕਿ ਡੀਐੱਮਕੇ ਨੇ 218 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਕੀਤਾ ਹੈ। ਬਸਪਾ ਵੱਲੋਂ ਪਿਛਲੇ ਸਾਲ 30 ਦਸੰਬਰ ਨੂੰ ਦਾਖ਼ਲ ਰਿਪੋਰਟ ਵਿੱਚ 51,46,79,235 ਰੁਪਏ ਦੀਆਂ ਰਸੀਦਾਂ ਵਿਖਾਈਆਂ ਗਈਆਂ ਹਨ। ਪਾਰਟੀ ਨੇ ਵਿੱਤੀ ਸਾਲ 2020-21 ਦੀ ਆਪਣੀ ਆਡਿਟਿਡ ਸਾਲਾਨਾ ਰਿਪੋਰਟ ਵਿਚ 17,29,72,729 ਰੁਪਏ ਦਾ ਖਰਚਾ ਵਿਖਾਇਆ ਸੀ। ਚੋਣ ਕਮਿਸ਼ਨ ਨੇ ਅੱਜ ਇਸ ਰਿਪੋਰਟ ਨੂੰ ਜਨਤਕ ਕੀਤਾ ਹੈ। ਮੌਜੂਦਾ ਯੂਪੀ ਅਸੈਂਬਲੀ ਵਿੱਚ ਬਸਪਾ ਕੋਲ 15 ਸੀਟਾਂ ਹਨ ਤੇ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਸੈਂਬਲੀ ਦੀਆਂ ਕੁੱਲ 403 ਸੀਟਾਂ ਵਿੱਚੋਂ ਪ੍ਰਮੁੱਖ ਹਿੱਸਾ ਹਾਸਲ ਕਰਨ ਲਈ ਪੂਰਾ ਟਿੱਲ ਲਾ ਰਹੀ ਹੈ। ਯੂਪੀ ਵਿੱਚ ਸੱਤ ਗੇੜਾਂ ’ਚ ਹੋਣ ਵਾਲੀ ਚੋਣ ਦੌਰਾਨ ਸੱਤਾਧਾਰੀ ਭਾਜਪਾ ਤੇ ਮੁੱਖ ਵਿਰੋਧੀ ਸਮਾਜਵਾਦੀ ਪਾਰਟੀ ਵਿੱਚ ਸਖ਼ਤ ਮੁਕਾਬਲੇ ਦੀ ਸੰਭਾਵਨਾ ਹੈ।
ਸੂਬਾਈ ਮਾਨਤਾ ਪ੍ਰਾਪਤ ਪਾਰਟੀਆਂ ਦੇ ਵਰਗ ਵਿੱਚ ਚੋਣ ਕਮਿਸ਼ਨ ਨੇ ਝਾਰਖੰਡ ਮੁਕਤੀ ਮੋਰਚਾ, ਜੰਮੂ ਕਸ਼ਮੀਰ ਪੀਪਲਜ਼ ਡੈਮੋਕਰੈਟਿਕ ਪਾਰਟੀ, ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰਾ ਕੜਗਮ (ਅੰਨਾ ਡੀਐੱਮਕੇ) ਤੇ ਡੀਐੱਮਕੇ ਵੱਲੋਂ ਵਿੱਤੀ ਸਾਲ 2020-21 ਲਈ ਦਾਖ਼ਲ ਆਡਿਟਿਡ ਸਾਲਾਨਾ ਰਿਪੋਰਟਾਂ ਨੂੰ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤਾ ਹੈ। ਝਾਰਖੰਡ ਮੁਕਤੀ ਮੋਰਚਾ ਨੇ 31 ਦਸੰਬਰ ਨੂੰ ਦਾਖ਼ਲ ਰਿਪੋਰਟ ’ਚ 58,43,655 ਰੁਪਏ ਦਾ ਕੁੱਲ ਖਰਚਾ ਤੇ 90,66,500 ਰੁਪਏ ਦੀਆਂ ਰਸੀਦਾਂ ਵਿਖਾਈਆਂ ਹਨ। -ਪੀਟੀਆਈ