ਮੁੰਬਈ: ਮੁੰਬਈ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ’ਚ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ, ਬਰਖਾਸਤ ਪੁਲੀਸ ਮੁਲਾਜ਼ਮ ਸਚਿਨ ਵਾਜ਼ੇ ਤੇ ਦੋ ਹੋਰਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੇਸ਼ਮੁਖ, ਉਨ੍ਹਾਂ ਦੇ ਦੋ ਸਹਿਯੋਗੀ ਸੰਜੀਵ ਪਲਾਂਦੇ ਤੇ ਕੁੰਦਨ ਸ਼ਿੰਦੇ ਮਨੀ ਲਾਂਡਰਿੰਗ ਦੇ ਇੱਕ ਕੇਸ ’ਚ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਨਿਆਂਇਕ ਹਿਰਾਸਤ ਵਿੱਚ ਸਨ। ਦੂਜੇ ਪਾਸੇ ਵਾਜ਼ੇ, ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ ਐਂਟੀਲੀਆ ਨੇੜੇ ਸ਼ੱਕੀ ਵਾਹਨ ਮਿਲਣ ਅਤੇ ਮਨਸੁਖ ਹਿਰੇਨ ਹੱਤਿਆ ਮਾਮਲੇ ’ਚ ਨਿਆਂਇਕ ਹਿਰਾਸਤ ’ਚ ਸੀ। ਸੀਬੀਆਈ ਨੇ ਇਨ੍ਹਾਂ ਦਾ ਰਿਮਾਂਡ ਪੂਰਾ ਹੋਣ ਮਗਰੋਂ ਅੱਜ ਮੁੜ ਅਦਾਲਤ ’ਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਸੀਬੀਆਈ ਦੀ ਅਪੀਲ ਖਾਰਜ ਕਰਦਿਆਂ ਚਾਰਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। -ਪੀਟੀਆਈ