ਨਵੀਂ ਦਿੱਲੀ, 21 ਅਗਸਤ
ਭਾਰਤੀ ਸੈਂਟਰਲ ਬੈਂਕ ਦਾ ਆਰਬੀਆਈ ਦੇ ਤੁਰੰਤ ਸੁਧਾਰਾਤਮਕ ਕਾਰਵਾਈ (ਪੀਸੀਏ) ਚੌਖਟੇ ਤੋਂ ਜਲਦੀ ਹੀ ਖਹਿੜਾ ਛੁੱਟ ਜਾਵੇਗਾ। ਕੇਂਦਰੀ ਬੈਂਕ ਵੱਲੋਂ ਇਸ ਚੌਖਟੇ ਤਹਿਤ ਸਬੰਧਤ ਬੈਂਕ ’ਤੇ ਕੁਝ ਪਾਬੰਦੀਆਂ ਆਇਦ ਕੀਤੀਆਂ ਜਾਂਦੀਆਂ ਹਨ, ਜੋ ਬੈਂਕ ਦੀ ਵਿੱਤੀ ਹਾਲਤ ਵਿੱਚ ਸੁਧਾਰ ਨਾਲ ਖ਼ਤਮ ਹੋ ਜਾਂਦੀਆਂ ਹਨ। ਸੀਬੀਆਈ ਇਕਲੌਤਾ ਸਰਕਾਰੀ ਬੈਂਕ ਹੈ, ਜੋ ਇਸ ਚੌਖਟੇ ਤਹਿਤ ਆਰਬੀਆਈ ਦੀ ਨਿਗਰਾਨੀ ਹੇਠ ਹੈ। ਬੈਂਕ ਪਿਛਲੀਆਂ ਪੰਜ ਤਿਮਾਹੀਆਂ ਵਿੱਚ ਵਿੱਤੀ ਮਾਪਦੰਡਾਂ ਵਿੱਚ ਟਿਕਾਊ ਸੁਧਾਰਾਂ ਬਾਰੇ ਆਪਣਾ ਪੱਖ ਪਹਿਲਾਂ ਹੀ ਆਰਬੀਆਈ ਅੱਗੇ ਰੱਖ ਚੁੱਕਾ ਹੈ। ਸੂਤਰਾਂ ਨੇ ਕਿਹਾ ਕਿ ਆਰਬੀਆਈ ਵੱਲੋਂ ਬੈਂਕ ਦੀ ਅਪੀਲ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਗਿਣਾਤਮਕ ਤੇ ਗੁਣਾਤਮਕ ਮਾਪਦੰਡਾਂ ਦੇ ਆਧਾਰ ’ਤੇ ਫੈਸਲਾ ਲਿਆ ਜਾਵੇਗਾ। ਭਾਰਤੀ ਸੈਂਟਰਲ ਬੈਂਕ ਮੁਤਾਬਕ ਸੱਜਰੀ ਤਿਮਾਹੀ ਵਿੱਚ ਬੈਂਕ ਦੇ ਡੁੱਬੇ ਕਰਜ਼ੇ (ਐੱਨਪੀਏ) ਡਿੱਗ ਕੇ 14.9 ਫੀਸਦ ਰਹਿ ਗਏ ਹਨ। -ਪੀਟੀਆਈ