ਨਵੀਂ ਦਿੱਲੀ, 3 ਨਵੰਬਰ
ਮੁੱਖ ਅੰਸ਼
- ਮਹਿੰਗਾਈ ਖਿਲਾਫ਼ ਲੜ ਰਹੇ ਆਮ ਆਦਮੀ ਨੂੰ ਵੱਡੀ ਰਾਹਤ ਮਿਲਣ ਦਾ ਦਾਅਵਾ
- ਅੱਧੀ ਰਾਤ ਤੋਂ ਨਵੀਆਂ ਕੀਮਤਾਂ ਲਾਗੂ
ਪਿਛਲੇ ਇਕ ਹਫਤੇ ਦੌਰਾਨ ਤੇਲ ਕੀਮਤਾਂ ਵਿੱਚ ਨਿੱਤ ਦੇ ਵਾਧੇ ਅਤੇ ਉੱਤਰ ਤੋਂ ਦੱਖਣ ਤੱਕ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਲੱਗੇ ਝਟਕੇ ਤੋਂ ਇਕ ਦਿਨ ਮਗਰੋਂ ਸਰਕਾਰ ਨੇ ਅੱਜ ਦਬਾਅ ਅੱਗੇ ਝੁਕਦਿਆਂ ਅਸਮਾਨੀ ਪੁੱਜੀਆਂ ਤੇਲ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਪੈਟਰੋਲ ਤੇ ਡੀਜ਼ਲ ’ਤੇ ਲਗਦੀ ਐਕਸਾਈਜ਼ ਡਿਊਟੀ ਕ੍ਰਮਵਾਰ 5 ਰੁਪਏ ਤੇ 10 ਰੁਪਏ ਪ੍ਰਤੀ ਲਿਟਰ ਘਟਾਉਣ ਦਾ ਫੈਸਲਾ ਕੀਤਾ ਹੈ। ਦੀਵਾਲੀ ਦੀ ਪੂਰਬਲੀ ਸੰਧਿਆ ਕੀਤੇ ਇਸ ਐਲਾਨ ਨਾਲ ਮਹਿੰਗਾਈ ਖ਼ਿਲਾਫ਼ ਲੜ ਰਹੇ ਆਮ ਆਦਮੀ ਨੂੰ ਕੁਝ ਰਾਹਤ ਮਿਲੇਗੀ। ਐਕਸਾਈਜ਼ ਵਿੱਚ ਕਟੌਤੀ ਦਾ ਫੈਸਲਾ ਅੱਜ ਅੱਧੀ ਰਾਤ ਤੋਂ ਅਮਲ ਵਿੱਚ ਆ ਜਾਵੇਗਾ। ਇਕ ਅਧਿਕਾਰਤ ਬਿਆਨ ਮੁਤਾਬਕ ਭਾਰਤ ਸਰਕਾਰ ਨੇ ਭਲਕ ਤੋਂ ਪੈਟਰੋਲ ਤੇ ਡੀਜ਼ਲ ’ਤੇ ਲੱਗਦੀ ਕੇਂਦਰੀ ਐਕਸਾਈਜ਼ ਡਿਊਟੀ ਨੂੰ ਕ੍ਰਮਵਾਰ 5 ਰੁਪਏ ਤੇ 10 ਰੁਪਏ ਪ੍ਰਤੀ ਲਿਟਰ ਘਟਾਉਣ ਦਾ ਫੈਸਲਾ ਕੀਤਾ ਹੈ। ਦੀਵਾਲੀ ਦੀ ਪੂਰਬਲੀ ਸੰਧਿਆ ਦਿੱਲੀ ਵਿੱਚ ਪੈਟਰੋਲ ਦਾ ਭਾਅ 110.04 ਰੁਪਏ ਪ੍ਰਤੀ ਲਿਟਰ ਸੀ ਜਦੋਂਕਿ ਡੀਜ਼ਲ 106.62 ਰੁਪਏ ਪ੍ਰਤੀ ਲਿਟਰ ਨੂੰ ਵਿਕਿਆ। ਸਰਕਾਰ ਦੇ ਇਸ ਫੈਸਲੇ ਨੂੰ ਆਮ ਆਦਮੀ ਲਈ ਦੀਵਾਲੀ ਤੋਹਫੇ ਵਜੋਂ ਪ੍ਰਚਾਰਿਆ ਜਾ ਰਿਹਾ ਹੈ।