ਪ੍ਰਯਾਗਰਾਜ, 9 ਸਤੰਬਰ
ਅਲਾਹਾਬਾਦ ਹਾਈ ਕੋਰਟ ਨੇ ਵਾਰਾਨਸੀ ਦੀ ਹੇਠਲੀ ਅਦਾਲਤ ਵੱਲੋਂ ਆਰਕਿਓਲੌਜੀਕਲ ਸਰਵੇ ਆਫ਼ ਇੰਡੀਆ (ਏਐੱਸਆਈ) ਨੂੰ ਗਿਆਨਵਾਪੀ ਮਸਜਿਦ ਦੇ ਸਰਵੇਖਣ ਸਬੰਧੀ ਦਿੱਤੇ ਹੁਕਮਾਂ ’ਤੇ ਰੋਕ ਲਗਾ ਦਿੱਤੀ ਹੈ। ਇਹ ਮਸਜਿਦ ਕਾਸ਼ੀ ਵਿਸ਼ਵਨਾਥ ਮੰਦਰ ਨਾਲ ਲਗਦੀ ਹੈ। ਹੇਠਲੀ ਅਦਾਲਤ ਨੇ 8 ਅਪਰੈਲ ਨੂੰ ਏਐੱਸਆਈ ਨੂੰ ਹੁਕਮ ਦਿੱਤੇ ਸਨ ਕਿ ਉਹ ਮਸਜਿਦ ਪਰਿਸਰ ਦਾ ਸਰਵੇਖਣ ਕਰਕੇ ਇਸ ਗੱਲ ਦੀ ਜਾਂਚ ਕਰਨ ਕਿ ਇਸ ਨੂੰ ਹਿੰਦੂ ਮੰਦਰ ਢਾਹ ਕੇ ਮੁਗਲ ਬਾਦਸ਼ਾਹ ਨੇ ਬਣਵਾਇਆ ਸੀ। ਇਹ ਹੁਕਮ ਉਸ ਅਰਜ਼ੀ ’ਤੇ ਦਿੱਤਾ ਗਿਆ ਹੈ ਜਿਸ ’ਚ ਮੰਗ ਕੀਤੀ ਗਈ ਸੀ ਕਿ ਜਿਸ ਜ਼ਮੀਨ ’ਤੇ ਗਿਆਨਵਾਪੀ ਮਸਜਿਦ ਬਣੀ ਹੈ, ਉਹ ਹਿੰਦੂਆਂ ਨੂੰ ਦਿੱਤੀ ਜਾਵੇ। ਅਰਜ਼ੀਕਾਰਾਂ ਨੇ ਕਿਹਾ ਹੈ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ 1664 ’ਚ ਮੰਦਰ ਢਾਹ ਕੇ ਉਸ ’ਤੇ ਮਸਜਿਦ ਉਸਾਰੀ ਸੀ। ਇਹ ਕੇਸ 1991 ’ਚ ਦਾਇਰ ਕੀਤਾ ਗਿਆ ਸੀ। ਅਲਾਹਾਬਾਦ ਹਾਈ ਕੋਰਟ ਨੇ 15 ਮਾਰਚ ਨੂੰ ਵੱਖ ਵੱਖ ਅਰਜ਼ੀਆਂ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। -ਆਈਏਐਨਐਸ