ਨਵੀਂ ਦਿੱਲੀ, 25 ਸਤੰਬਰ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ ਵਿਚ ਬਦਲ ਰਹੀਆਂ ਸਥਿਤੀਆਂ ਤਾਕਤ ਦੀ ਸਿਆਸਤ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਤਿਵਾਦ ਨੂੰ ਰਾਜ ਦੇ ਢਾਂਚੇ ਅਤੇ ਵਿਹਾਰ ਨੂੰ ਬਦਲ ਲਈ ਵਰਤਣ ਉਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਤਾਲਿਬਾਨ ਦਾ ਨਾਂ ਲਏ ਬਿਨਾਂ ਰਾਜਨਾਥ ਸਿੰਘ ਨੇ ਕਿਹਾ ਕਿ ਸੰਸਾਰ ਅਤਿਵਾਦ ਵੱਲੋਂ ਅਸਥਿਰਤਾ ਪੈਦਾ ਕਰਨ ਦੇ ਅਸਰਾਂ ਨੂੰ ਦੇਖ ਚੁੱਕਾ ਹੈ। ਇਸ ਤੋਂ ਇਲਾਵਾ ਹਿੰਸਕ ਕੱਟੜ ਤਾਕਤਾਂ ਕਈ ਗ਼ੈਰਵਾਜਬ ਗਤੀਵਿਧੀਆਂ ਨੂੰ ‘ਆਮ ਵਰਤਾਰਾ’ ਬਣਾ ਕੇ ਮਾਨਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਫ਼ਗਾਨ ਸੰਕਟ ਨੇ ਸਾਡੇ ਸਮਿਆਂ ਦੀ ਅਸਲੀਅਤ ਨੂੰ ਉਜਾਗਰ ਕਰ ਦਿੱਤਾ ਹੈ।
ਨੈਸ਼ਨਲ ਡਿਫੈਂਸ ਕਾਲਜ ਵਿਚ ਇਕ ਭਾਸ਼ਣ ਦਿੰਦਿਆਂ ਉਨ੍ਹਾਂ ਕਿਹਾ ਕਿ ਬਾਲਾਕੋਟ ਤੇ ਗਲਵਾਨ ਵਿਚ ਭਾਰਤ ਵੱਲੋਂ ਚੁੱਕੇ ਗਏ ਕਦਮ, ਕਿਸੇ ਵੀ ਤਰ੍ਹਾਂ ਦੀ ‘ਉਕਸਾਉਣ ਵਾਲੀ ਕਾਰਵਾਈ ਖ਼ਿਲਾਫ਼ ਸਪੱਸ਼ਟ ਸੰਕੇਤ ਹਨ’ ਕਿ ਭਾਰਤ ਆਪਣੀ ਅਖੰਡਤਾ ਵਿਰੁੱਧ ਕੁਝ ਵੀ ਬਰਦਾਸ਼ਤ ਨਹੀਂ ਕਰੇਗਾ ਤੇ ‘ਤੁਰੰਤ ਮੂੰਹ ਤੋੜ ਜਵਾਬ’ ਦਿੱਤਾ ਜਾਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਖੇਤਰ ਵਿਚ ਪੈਦਾ ਹੋਈ ਗੜਬੜੀ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਆਈ ਹੈ, ਗ਼ੈਰ ਸਰਕਾਰੀ ਤੱਤਾਂ ਨੂੰ ਕੁਝ ਗ਼ੈਰਜ਼ਿੰਮੇਵਾਰਾਨਾ ਮੁਲਕ ਸ਼ਹਿ ਦੇ ਰਹੇ ਹਨ। ਉਨ੍ਹਾਂ ਦੀ ਟਿੱਪਣੀ ਨੂੰ ਪਾਕਿਸਤਾਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਰਾਜਨਾਥ ਨੇ ਕਿਹਾ ਕਿ ਅਜੋਕੇ ਦੌਰ ਵਿਚ ਸਾਰੇ ਜ਼ਿੰਮੇਵਾਰ ਮੁਲਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਅਤਿਵਾਦ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਵਾਪਰੇ ਘਟਨਾਕ੍ਰਮ ਦੀ ਗੂੰਜ ਖੇਤਰ ਤੇ ਇਸ ਤੋਂ ਬਾਹਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਇਸ ਬਾਰੇ ਪੱਕੇ ਤੌਰ ਉਤੇ ਕੁਝ ਨਹੀਂ ਕਿਹਾ ਜਾ ਸਕਦਾ, ਭੂਗੋਲਿਕ ਤੇ ਸਿਆਸੀ ਸਥਿਤੀਆਂ ਬਾਰੇ ਬੇਯਕੀਨੀ ਹੈ। ਚੀਨ ਨਾਲ ਹੋਏ ਸਰਹੱਦੀ ਟਕਰਾਅ ਤੇ ਉਸ ਵਿਚੋਂ ਉਪਜੀਆਂ ਚੁਣੌਤੀਆਂ ਦਾ ਵੀ ਰਾਜਨਾਥ ਨੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਾਰਿਆਂ ਨਾਲ ਸ਼ਾਂਤੀ ਤੇ ਚੰਗੇ ਰਿਸ਼ਤੇ ਚਾਹੁੰਦਾ ਹੈ। -ਪੀਟੀਆਈ