ਭੱਜਦਰਵਾਹ, 6 ਸਤੰਬਰ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਅਤਿਵਾਦੀਆਂ ਦੀ ਜ਼ਮੀਨਦੋਜ਼ ਲੁਕਣਗਾਹ ਦਾ ਪਰਦਾਫਾਸ਼ ਹੋਇਆ ਹੈ ਤੇ ਉਥੋਂ ਇਕ ਪੀਕਾ ਰਾਈਫਲ ਬਰਾਮਦ ਹੋਈ ਹੈ। ਡੋਡਾ ਦੇ ਸੀਨੀਅਰ ਪੁਲੀਸ ਕਪਤਾਨ ਮੁਮਤਾਜ਼ ਅਹਿਮਦ ਨੇ ਦੱਸਿਆ ਕਿ ਥੱਤਰੀ ਸਬ-ਡਵੀਜ਼ਨ ਦੇ ਚਿਰਲਾ ਜੰਗਲਾਤ ਖੇਤਰ ਦੇ ਗੋਦੂ ਪਿੰਡ ਵਿੱਚ ਸਥਾਨਕ ਪੁਲੀਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਵੱਲੋਂ ਕੀਤੀ ਗਈ ਛਾਪੇ ਮਾਰੀ ਵਿੱਚ ਇਸ ਲੁਕਣਗਾਹ ਦਾ ਪਤਾ ਚਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬਰਾਮਦ ਹੋਏ ਹਥਿਆਰਾਂ ਵਿੱਚ ਜੰਗਾਲ ਲੱਗਿਆ ਹੋਇਆ ਹੈ, ਜਿਸ ਤੋਂ ਜਾਪਦਾ ਹੈ ਕਿ ਇਹ ਅਤਿਵਾਦੀਆਂ ਦੀ ਪੁਰਾਣੀ ਲੁਕਣਗਾਹ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ। -ਪੀਟੀਆਈ