ਨਵੀਂ ਦਿੱਲੀ, 14 ਜੁਲਾਈ
ਉਮਰ ਕੈਦ ਦੀ ਸਜ਼ਾ ਭੁਗਤ ਰਹੇ ਆਪੂ ਬਣੇ ਬਾਬਾ ਰਾਮਪਾਲ ਨੂੰ ਪੈਰੋਲ ’ਤੇ ਰਿਹਾਅ ਕਰਨ ਤੋਂ ਸੁਪਰੀਮ ਕੋਰਟ ਨੇ ਅੱਜ ਇਨਕਾਰ ਕਰ ਦਿੱਤਾ। ਹਰਿਆਣਾ ਨਾਲ ਸਬੰਧਿਤ ਰਾਮਪਾਲ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਦੀ ਪੋਤੀ ਦਾ ਬੁੱਧਵਾਰ ਨੂੰ ਵਿਆਹ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਉਸ ਨੇ ਪੈਰੋਲ ਮੰਗੀ ਸੀ। ਚੀਫ਼ ਜਸਟਿਸ ਐੱਸਏ ਬੋਬੜੇ, ਜਸਟਿਸ ਆਰ ਸੁਭਾਸ਼ ਰੈਡੀ ਅਤੇ ਏਐੱਸ ਬੋਪੰਨਾ ਆਧਾਰਿਤ ਬੈਂਚ ਨੇ ਆਨਲਾਈਨ ਸੁਣਵਾਈ ਕਰਦਿਆਂ ਰਾਮਪਾਲ ਦੀ ਅਰਜ਼ੀ ਨਾ-ਮਨਜ਼ੂਰ ਕਰ ਦਿੱਤੀ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਥਾਣੇ ਵਿੱਚ 19 ਨਵੰਬਰ 2014 ਨੂੰ ਦਰਜ ਹੱਤਿਆ ਦੇ ਮਾਮਲੇ ਵਿੱਚ ਰਾਮਪਾਲ ਅਤੇ ਉਸ ਦੇ 13 ਚੇਲਿਆਂ ਨੂੰ ਅਦਾਲਤ ਨੇ 17 ਅਕਤੂਬਰ 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।