ਨਵੀਂ ਦਿੱਲੀ, 27 ਜੂਨ
ਸੁਪਰੀਮ ਕੋਰਟ ਨੇ ਅੱਜ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਨੂੰ ਰਾਹਤ ਦਿੰਦਿਆਂ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਵੱਲੋਂ ਉਨ੍ਹਾਂ ਖ਼ਿਲਾਫ਼ ਜਾਰੀ ਅਯੋਗਤਾ ਨੋਟਿਸਾਂ ’ਤੇ 11 ਜੁਲਾਈ ਤੱਕ ਕਾਰਵਾਈ ’ਤੇ ਰੋਕ ਲਾ ਦਿੱਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਬਾਗ਼ੀ ਵਿਧਾਇਕ ਅਯੋਗਤਾ ਨੋਟਿਸਾਂ ਦਾ ਜਵਾਬ 12 ਜੁਲਾਈ ਨੂੰ ਸ਼ਾਮ 5.30 ਵਜੇ ਤੱਕ ਦੇ ਸਕਦੇ ਹਨ।
ਸੁਪਰੀਮ ਕੋਰਟ ਨੇ ਨੋਟਿਸਾਂ ਦੀ ਕਾਨੂੰਨੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਡਿਪਟੀ ਸਪੀਕਰ ਤੋਂ ਪੰਜ ਦਿਨਾਂ ਅੰਦਰ ਜਵਾਬ ਮੰਗ ਲਿਆ ਹੈ। ਸੁਪਰੀਮ ਕੋਰਟ ਨੇ ਹਾਲਾਂਕਿ ਮਹਾਰਾਸ਼ਟਰ ਸਰਕਾਰ ਵੱਲੋਂ ਅਸੈਂਬਲੀ ਵਿੱਚ ਕਿਸੇ ਤਰ੍ਹਾਂ ਦਾ ਫਲੋਰ ਟੈਸਟ ਨਾ ਕਰਵਾਏ ਜਾਣ ਸਬੰਧੀ ਪਟੀਸ਼ਨ ’ਤੇ ਕੋਈ ਅੰਤਰਿਮ ਹੁਕਮ ਪਾਸ ਕਰਨ ਤੋਂ ਨਾਂਹ ਕਰ ਦਿੱਤੀ। ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਕਿ ਕੁਝ ਵੀ ਗ਼ੈਰਕਾਨੂੰਨੀ ਹੋਣ ਦੀ ਸਥਿਤੀ ਵਿੱਚ ਉਹ ਉਸ ਤੱਕ ਪਹੁੰਚ ਕਰ ਸਕਦੇ ਹਨ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇਬੀ ਪਰਦੀਵਾਲਾ ਦੇ ਬੈਂਚ ਨੇ ਮਹਾਰਾਸ਼ਟਰ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ 39 ਬਾਗ਼ੀ ਸ਼ਿਵ ਸੈਨਾ ਵਿਧਾਇਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ, ਆਜ਼ਾਦੀ ਤੇ ਸੰਪਤੀ ਦੀ ਸੁਰੱਖਿਆ ਯਕੀਨੀ ਬਣਾਏ। ਮਹਾਰਾਸ਼ਟਰ ਦੇ ਡਿਪਟੀ ਸਪੀਕਰ ਨੂੰ ਨੋੋਟਿਸ ਜਾਰੀ ਕਰਦਿਆਂ ਸਿਖਰਲੀ ਅਦਾਲਤ ਨੇ ਹਦਾਇਤ ਕੀਤੀ ਕਿ ਉਹ ਬਾਗ਼ੀ ਵਿਧਾਇਕਾਂ ਵੱਲੋਂ ਬੇਭਰੋਸਗੀ ਮਤੇ ਸਬੰਧੀ ਨੋਟਿਸ ਨੂੰ ਹਲਫ਼ਨਾਮੇ ਦੇ ਰੂਪ ਵਿੱਚ ਰਿਕਾਰਡ ’ਤੇ ਦਰਜ ਕਰੇ। ਅਦਾਲਤ ਨੇ ਸੂਬਾ ਸਰਕਾਰ ਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਕੇਸ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ। -ਪੀਟੀਆਈ
ਸੁਪਰੀਮ ਕੋਰਟ ਤੋਂ ਰਾਹਤ ਬਾਲ ਠਾਕਰੇ ਦੇ ਹਿੰਦੂਤਵ ਦੀ ਜਿੱਤ: ਸ਼ਿੰਦੇ
ਮੁੰਬਈ: ਸ਼ਿਵ ਸੈਨਾ ਦੇ ਬਾਗ਼ੀ ਆਗੂ ਏਕਨਾਥ ਸ਼ਿੰਦੇ ਨੇ ਅੱਜ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਤੇ ਹੋਰ ਬਾਗ਼ੀ ਵਿਧਾਇਕਾਂ ਨੂੰ ਦਿੱਤੀ ਗਈ ਰਾਹਤ ਨੂੰ ਬਾਲ ਠਾਕਰੇ ਦੇ ਹਿੰਦੂਤਵ ਅਤੇ ਉਨ੍ਹਾਂ ਦੇ ਗੁਰੂ ਆਨੰਦ ਦੀਘੇ ਦੇ ਆਦਰਸ਼ਾਂ ਦੀ ਜਿੱਤ ਕਰਾਰ ਦਿੱਤਾ ਅਤੇ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਜ਼ੀਰਵਾਲ ਨੇ ਉਨ੍ਹਾਂ ਦੇ ਪਿਤਾ ਤੇ 15 ਹੋਰ ਬਾਗ਼ੀ ਵਿਧਾਇਕਾਂ ਨੂੰ ਦਬਾਅ ਵਿਚ ਆ ਕੇ ਅਯੋਗ ਕਰਾਰ ਦੇਣ ਦਾ ਨੋਟਿਸ ਭੇਜਿਆ ਸੀ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ। ਬਾਗ਼ੀ ਵਿਧਾਇਕਾਂ ਨਾਲ ਗੁਹਾਟੀ ਬੈਠੇ ਸ਼ਿੰਦੇ ਨੇ ਟਵੀਟ ਕੀਤਾ, ‘ਵਿਧਾਨ ਸਭਾ ਦੇ ਸਪੀਕਰ ਦਾ ਵਿਧਾਨ ਸਭਾ ’ਚ ਅਧਿਕਾਰ ਹੈ। ਜੇਕਰ ਕੋਈ ਵਿਧਾਇਕ ਵ੍ਹਿੱਪ ਖ਼ਿਲਾਫ਼ ਜਾਂਦਾ ਹੈ ਤਾਂ ਉਨ੍ਹਾਂ ਕੋਲ ਸ਼ਕਤੀ ਹੁੰਦੀ ਹੈ। ਇਹ ਕਿਸੇ ਵੀ ਮੀਟਿੰਗ ’ਚ ਨਾ ਜਾਣ ਵਾਲੇ ਕਿਸੇ ਵਿਅਕਤੀ ’ਤੇ ਲਾਗੂ ਨਹੀਂ ਹੁੰਦਾ। ‘ਤੁਗਲਕੀ ਫੁਰਮਾਨ’ (ਅਯੋਗਤਾ ਨੋਟਿਸ) ਦਬਾਅ ’ਚ ਜਾਰੀ ਕੀਤਾ ਗਿਆ ਸੀ ਅਤੇ ਅਦਾਲਤ ਨੇ ਅੱਜ ਇਹ ਦਿਖਾਇਆ ਹੈ।’ -ਪੀਟੀਆਈ
ਏਕਨਾਥ ਸ਼ਿੰਦੇ ਖਿਲਾਫ਼ ਬੰਬੇ ਹਾਈ ਕੋਰਟ ’ਚ ਜਨਹਿੱਤ ਪਟੀਸ਼ਨ ਦਾਖਲ
ਮੁੰਬਈ: ਗੁਹਾਟੀ ਵਿੱਚ ਬਾਗ਼ੀ ਆਗੂਆਂ ਨਾਲ ਡੇਰੇ ਲਾਈ ਬੈਠੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਖ਼ਿਲਾਫ਼ ਇੱਥੇ ਬੰਬੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ। ਪਟੀਸ਼ਨ ਵਿੱਚ ਸ਼ਿੰਦੇ ’ਤੇ ਸੂਬੇ ਵਿੱਚ ‘ਸਿਆਸੀ ਅਸ਼ਾਂਤੀ’ ਫੈਲਾਉਣ ਤੇ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਭੜਕਾਹਟ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਹੈ। -ਪੀਟੀਆਈ
ਭਾਜਪਾ ਕੋਰ ਕਮੇਟੀ ਦੀ ਮੀਟਿੰਗ
ਮੁੰਬਈ: ਮਹਾਰਾਸ਼ਟਰ ਵਿੱਚ ਮਹਾ ਵਿਕਾਸ ਅਘਾੜੀ ਸਰਕਾਰ ਦੇ ਸਿਆਸੀ ਸੰਕਟ ਦੌਰਾਨ ਭਾਜਪਾ ਵੱਲੋਂ ਸੂਬਾਈ ਕੋਰ ਕਮੇਟੀ ਦੀ ਮੀਟਿੰਗ ਅੱਜ ਵਿਰੋਧੀ ਧਿਰ ਦੇ ਆਗੂ ਦੇਵੇਂਦਰ ਫੜਨਵੀਸ ਦੀ ਮੁੰਬਈ ਸਥਿਤ ਰਿਹਾਇਸ਼ ’ਤੇ ਕੀਤੀ ਹੈ। ਕੋਰ ਕਮੇਟੀ ਵੱਲੋਂ ਮੀਟਿੰਗ ਦੌਰਾਨ ਮਹਾਰਾਸ਼ਟਰ ਦੀ ਮੌਜੂਦਾ ਸਥਿਤੀ ਬਾਰੇ ਉਡੀਕ ਕਰਨ ਅਤੇ ਸਥਿਤੀ ’ਤੇ ਨਜ਼ਰ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਭਾਜਪਾ ਦੇ ਆਗੂ ਸੁਧੀਰ ਮੁੰਗੰਤੀਵਾਰ ਨੇ ਕਿਹਾ ਕਿ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਣ ਵਾਲੇ ਸਿਆਸੀ ਘਟਨਾਕ੍ਰਮ ਦੇ ਮੱਦੇਨਜ਼ਰ ਇੱਕ ਮੀਟਿੰਗ ਹੋਰ ਕੀਤੀ ਜਾਵੇਗੀ। -ਏਜੰਸੀ
ਸ਼ਿਵ ਸੈਨਾ ‘ਸੜਕੀ ਤੇ ਕਾਨੂੰਨੀ’ ਲੜਾਈ ਲਈ ਤਿਆਰ: ਰਾਊਤ
ਮੁੰਬਈ: ਸ਼ਿਵ ਸੈਨਾ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਵੱਲੋਂ ਬਾਗ਼ੀ ਵਿਧਾਇਕਾਂ ਨੂੰ ਜਾਰੀ ਅਯੋਗਤਾ ਨੋਟਿਸਾਂ ਦੇ ਮੁੱਦੇ ’ਤੇ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਅਹਿਮ ਸੁਣਵਾਈ ਤੋਂ ਪਹਿਲਾਂ ਅੱਜ ਕਿਹਾ ਕਿ ਉਹ ‘ਸੜਕੀ ਤੇ ਕਾਨੂੰਨੀ’ ਦੋਵਾਂ ਤਰ੍ਹਾਂ ਦੀ ਲੜਾਈ ਲਈ ਤਿਆਰ ਹਨ। ਰਾਊਤ ਨੇ ਬੀਤੇ ਦਿਨ ਬਾਗ਼ੀ ਵਿਧਾਇਕਾਂ ਬਾਰੇ ਕੀਤੀ ਆਪਣੀ ਇਸ ਟਿੱਪਣੀ ਕਿ ‘ਅਸਾਮ ਤੋਂ 40 ਦੇਹਾਂ ਆਉਣਗੀਆਂ ਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਸਿੱਧਾ ਮੁਰਦਾਘਰ ਵਿੱਚ ਭੇਜਿਆ ਜਾਵੇਗਾ’ ਬਾਰੇ ਕਿਹਾ ਕਿ ਉਹ ਤਾਂ ਵਿਧਾਇਕਾਂ ਦੇ ‘ਮਰ ਚੁੱਕੇ ਜ਼ਮੀਰ’ ਦੀ ਗੱਲ ਕਰ ਰਹੇ ਸਨ ਤੇ ਉਹ ਤਾਂ ਹੁਣ ‘ਜਿਊਂਦੀਆਂ ਜਾਗਦੀਆਂ ਲਾਸ਼ਾਂ’ ਹਨ। ਪਾਰਟੀ ਦੇ ਮੁੱਖ ਤਰਜਮਾਨ ਰਾਊਤ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਲਈ ਕੁਝ ਨਹੀਂ ਕਿਹਾ। ਮੈਂ ਤਾਂ ਇੰਨਾ ਹੀ ਕਿਹਾ ਸੀ ਕਿ ਉਨ੍ਹਾਂ (ਬਾਗ਼ੀ ਵਿਧਾਇਕਾਂ) ਦੀ ਜ਼ਮੀਰ ਮਰ ਚੁੱਕੀ ਹੈ ਤੇ ਉਹ ਜਿਊਂਦੀਆਂ ਜਾਗਦੀਆਂ ਲਾਸ਼ਾਂ ਹਨ।’’ ਰਾਊਤ ਨੇ ਕਿਹਾ ਕਿ ਇਹ ਕਾਨੂੰਨੀ ਤੇ ਸੜਕੀ ਲੜਾਈ ਹੈ। ਇਹ ਲਾਜ਼ਮੀ ਹੋਵੇਗੀ ਤੇ ਪਾਰਟੀ ਇਸ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਬਾਗੀ ਵਿਧਾਇਕਾਂ ਨੂੰ ਮਹਾਰਾਸ਼ਟਰ ਵਾਪਸ ਆਉਣਾ ਪਵੇਗਾ ਅਤੇ ਉਨ੍ਹਾਂ ਦੀ ਅਸਲੀ ਪ੍ਰੀਖਿਆ ਵਿਧਾਨ ਸਭਾ ’ਚ ਹੋਵੇਗੀ। ਕੇਂਦਰ ਸਰਕਾਰ ਵੱਲੋਂ ਬਾਗੀਆਂ ਨੂੰ ‘ਵਾਈ ਪਲੱਸ’ ਸ਼੍ਰੇਣੀ ਦੀ ਸੁਰੱਖਿਆ ਦਿੱਤੇ ਜਾਣ ਦੇ ਸੰਦਰਭ ਵਿੱਚ ਕਿਹਾ, ‘ਤੁਸੀਂ ਲੋਕਾਂ ਦਾ ਗੁੱਸਾ ਨਹੀਂ ਰੋਕ ਸਕਦੇ। ਕੋਈ ਵੀ ਪੁਲੀਸ ਜਾਂ ਕਾਨੂੰਨ ਇਸ ਨੂੰ ਕੰਟਰੋਲ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਗੁਲਾਮੀ ਸਵੀਕਾਰ ਕਰ ਲਈ ਤੇ ਸੁਰੱਖਿਆ ਹਾਸਲ ਕੀਤੀ।’ -ਪੀਟੀਆਈ
ਠਾਕਰੇ ਨੇ 9 ਬਾਗ਼ੀ ਮੰਤਰੀਆਂ ਦੇ ਮਹਿਕਮੇ ਹੋਰਨਾਂ ਨੂੰ ਦਿੱਤੇ
ਮੁੰਬਈ, 27 ਜੂਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਗੁਹਾਟੀ ਵਿੱਚ ਡੇਰੇ ਲਾਈ ਬੈਠੇ 9 ਬਾਗ਼ੀ ਮੰਤਰੀਆਂ ਦੇ ਮਹਿਕਮੇ ਹੋਰਨਾਂ ਮੰਤਰੀਆਂ ਨੂੰ ਦੇ ਦਿੱਤੇ ਹਨ। ਸਰਕਾਰ ਦੇ ਅਧਿਕਾਰੀ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰਸ਼ਾਸਨਿਕ ਸੌਖ ਲਈ ਮਹਿਕਮੇ ਹੋਰਨਾਂ ਮੰਤਰੀਆਂ ਨੂੰ ਦਿੱਤੇ ਗਏ ਹਨ। ਸ਼ਿਵ ਸੈਨਾ ਵਿੱਚ ਹੁਣ ਮੁੱਖ ਮੰਤਰੀ ਊਧਵ ਠਾਕਰੇ ਸਣੇ ਚਾਰ ਕੈਬਨਿਟ ਮੰਤਰੀ ਹਨ। ਇਨ੍ਹਾਂ ਵਿੱਚ ਆਦਿੱਤਿਆ ਠਾਕਰੇ, ਅਨਿਲ ਪਰਬ ਤੇ ਸੁਭਾਸ਼ ਦੇਸਾਈ ਸ਼ਾਮਲ ਹਨ। ਆਦਿੱਤਿਆ ਨੂੰ ਛੱਡ ਕੇ ਬਾਕੀ ਸਾਰੇ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਮੈਂਬਰ ਹਨ। ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾ ਵਿਕਾਸ ਅਘਾੜੀ ਸਰਕਾਰ ਵਿੱਚ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਕੋਲ ਬਗ਼ਾਵਤ ਤੋਂ ਪਹਿਲਾਂ 10 ਕੈਬਨਿਟ ਰੈਂਕ ਦੇ ਮੰਤਰੀ ਤੇ ਚਾਰ ਰਾਜ ਮੰਤਰੀ ਸਨ। ਸ਼ਿੰਦੇ ਤੇ ਉਦੈ ਸਾਮੰਤ ਤੋਂ ਇਲਾਵਾ ਗੁਹਾਟੀ ਬਾਕੀ ਵਿੱਚ ਡੇੇਰੇ ਲਾਉਣ ਵਾਲੇ ਮੰਤਰੀਆਂ ਵਿੱਚ ਗੁਲਾਬਰਾਓ ਪਾਟਿਲ, ਦਾਦਾ ਭੂਸੇ, ਸੰਦੀਪਨ ਭੁਮਰੇ, ਸ਼ੰਭੂਰਾਜ ਦੇਸਾਈ ਤੇ ਅਬਦੁਲ ਸੱਤਾਰ ਸ਼ਾਮਲ ਹਨ। ਪ੍ਰਹਾਰ ਜਨਸ਼ਕਤੀ ਪਾਰਟੀ ਦਾ ਬੱਚੂ ਕੱਡੂ ਤੇ ਸੈਨਾ ਦੇ ਕੋਟੇ ’ਚੋਂ ਆਜ਼ਾਦ ਮੰਤਰੀ ਰਾਜੇਂਦਰ ਯੇਦਰਾਵਕਰ ਵੀ ਸ਼ਿੰਦੇ ਨਾਲ ਹਨ। ਸ਼ਿੰਦੇ ਦਾ ਮਹਿਕਮਾ ਸੁਭਾਸ਼ ਦੇਸਾਈ ਨੂੰ ਅਤੇ ਗੁਲਾਬਰਾਓ ਪਾਟਿਲ ਦਾ ਅਨਿਲ ਪਰਬ ਨੂੰ ਦਿੱਤਾ ਗਿਆ ਹੈ। ਉਦੈ ਸਾਮੰਤ ਦਾ ਮਹਿਕਮਾ ਆਦਿੱਤਿਆ ਠਾਕਰੇ ਨੂੰ, ਸੰਦੀਪਨ ਭੁਮਰੇ ਤੇ ਦਾਦਾ ਭੂਸੇ ਦੇ ਮਹਿਕਮੇ ਸ਼ੰਕਰਰਾਓ ਗੜਖ ਨੂੰ, ਸ਼ੰਭੂਰਾਜ ਦੇਸਾਈ ਦਾ ਮਹਿਮਕਾ ਸੰਜੈ ਬੰਸੋੜੇ ਤੇ ਵਿਸ਼ਵਜੀਤ ਕਦਮ ਨੂੰ ਦਿੱਤਾ ਗਿਆ ਹੈ। -ਪੀਟੀਆਈ