ਬਾਲਾਸੋਰ (ਉੜੀਸਾ), 25 ਜੂਨ
ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਉੜੀਸਾ ਦੇ ਤੱਟ ਨੇੜੇ ਚਾਂਦੀਪੁਰ ’ਚ ਏਕੀਕ੍ਰਿਤ ਪ੍ਰੀਖਣ ਕੇਂਦਰ ਤੋਂ ਸਵਦੇਸ਼ੀ ਪਿਨਾਕਾ ਆਧੁਨਿਕ ਰੌਕੇਟ ਦੀ ਸਫ਼ਲ ਅਜ਼ਮਾਇਸ਼ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪ੍ਰੀਖਣ ਦੌਰਾਨ ਕੁੱਲ 25 ਪਿਨਾਕਾ ਰੌਕੇਟ ਵੀਰਵਾਰ ਤੇ ਸ਼ੁੱਕਰਵਾਰ ਨੂੰ ਵੱਖ ਵੱਖ ਦੂਰੀ ਤੋਂ ਟੀਚੇ ਦੀ ਸਟੀਕਤਾ ਤੱਕ ਪਹੁੰਚਣ ’ਚ ਕਾਮਯਾਬ ਰਹੇ। ਇੱਕ ਅਧਿਕਾਰੀ ਨੇ ਦੱਸਿਆ ਕਿ 122 ਐੱਮਐੱਮ ਕੈਲੀਬਰ ਰੌਕੇਟ ਨੂੰ ਮਲਟੀ ਬੈਰੇਲ ਰੌਕੇਟ ਲਾਂਚਰ ਰਾਹੀਂ ਛੱਡਿਆ ਗਿਆ। ਇੱਕ ਸੂਤਰ ਨੇ ਦੱਸਿਆ ਮਿਸ਼ਨ ਦੌਰਾਨ ਟੀਚੇ ਨੂੰ ਕਾਮਯਾਬੀ ਨਾਲ ਨਿਸ਼ਾਨਾ ਬਣਾਇਆ ਗਿਆ। ਪਿਨਾਕਾ ਰੌਕੇਟ ਪ੍ਰਣਾਲੀ ਦੀ ਵੱਡੀ ਰੇਂਜ ਤਹਿਤ 45 ਕਿਲੋਮੀਅਰ ਦੀ ਦੂਰੀ ਤੱਕ ਟੀਚੇ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਰੌਕੇਟ ਦੀ ਸਟੀਕਤਾ ’ਤੇ ਵੱਖ ਵੱਖ ਉਪਕਰਨਾਂ ਰਾਹੀਂ ਨਿਗਰਾਨੀ ਕੀਤੀ ਗਈ ਹੈ। ਪੁਣੇ ਸਥਿਤ ਏਆਡੀਈ ਤੇ ਐੱਚਈਐੱਮਆਰਐੱਲ ਨੇ ਇਕਨਾਮਿਕਸ ਐਕਸਪਲਾਸਿਵ ਲਿਮਟਿਡ ਨਾਗਪੁਰ ਦੀ ਮਦਦ ਨਾਲ ਇਹ ਰੌਕੇਟ ਪ੍ਰਣਾਲੀ ਵਿਕਸਿਤ ਕੀਤੀ ਹੈ। -ਪੀਟੀਆਈ