ਨਵੀਂ ਦਿੱਲੀ, 8 ਜਨਵਰੀ
ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਦੱਖਣੀ-ਪੂਰਬੀ ਏਸ਼ੀਆ ਖ਼ਿੱਤੇ ਦੇ ਜ਼ਿਆਦਾਤਰ ਮੁਲਕਾਂ ’ਚ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਸਖ਼ਤ ਕਦਮ ਉਠਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕਰੋਨਾ ਦਾ ਨਵਾਂ ਸਰੂਪ ਓਮੀਕਰੋਨ ਭਾਵੇਂ ਘੱਟ ਖ਼ਤਰਨਾਕ ਹੈ ਪਰ ਉਸ ਨੂੰ ਹਲਕੇ ’ਚ ਨਹੀਂ ਲਿਆ ਜਾਣਾ ਚਾਹੀਦਾ ਹੈ। ਡਬਲਿਊਐੱਚਓ ਦੀ ਦੱਖਣ-ਪੂਰਬੀ ਏਸ਼ੀਆ ਖ਼ਿੱਤੇ ਦੀ ਖੇਤਰੀ ਡਾਇਰੈਕਟਰ ਡਾਕਟਰ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਸਾਰਿਆਂ ਨੂੰ ਪੂਰੀ ਇਮਾਨਦਾਰੀ ਨਾਲ ਇਹਤਿਆਤੀ ਕਦਮ ਉਠਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ,‘‘ਲੋਕਾਂ ਨੂੰ ਮਾਸਕ, ਹੱਥ ਧੋਣ, ਸਰੀਰਕ ਦੂਰੀ ਅਤੇ ਹੋਰ ਕਦਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਵਾਇਰਸ ਅੱਗੇ ਨਾ ਫੈਲੇ।’’ ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਓਮੀਕਰੋਨ ਕਾਰਨ ਲੋਕ ਹਸਪਤਾਲਾਂ ’ਚ ਦਾਖ਼ਲ ਹੋ ਰਹੇ ਹਨ ਅਤੇ ਇਸ ਲਾਗ ਕਾਰਨ ਮੌਤਾਂ ਵੀ ਹੋ ਰਹੀਆਂ ਹਨ। ਅਧਿਕਾਰੀ ਨੇ ਕਿਹਾ ਕਿ ਇਹ ਗੱਲ ਨਹੀਂ ਭੁਲਣੀ ਚਾਹੀਦੀ ਹੈ ਕਿ ਕਰੋਨਾ ਦੀ ਡੈਲਟਾ ਕਿਸਮ ਸਮੇਤ ਹੋਰ ਕਿਸਮਾਂ ਵੀ ਫੈਲ ਰਹੀਆਂ ਹਨ। ਉਨ੍ਹਾਂ ਘਰਾਂ ਅਤੇ ਦਫ਼ਤਰਾਂ ’ਚ ਵੈਂਟੀਲੇਸ਼ਨ ਦਾ ਢੁੱਕਵਾਂ ਪ੍ਰਬੰਧ ਕਰਨ ਲਈ ਵੀ ਕਿਹਾ ਹੈ। ਇਸ ਦੇ ਨਾਲ ਕੋਵਿਡ-19 ਵੈਕਸੀਨੇਸ਼ਨ ਨਾਲ ਵੀ ਲਾਗ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਤੋਂ ਬਾਅਦ ਵੀ ਲੋਕਾਂ ਨੂੰ ਸਾਰੇ ਇਹਤਿਆਤੀ ਕਦਮ ਅਪਣਾਏ ਜਾਣ ’ਤੇ ਜ਼ੋਰ ਦਿੱਤਾ ਹੈ।
-ਪੀਟੀਆਈ