ਨਵੀਂ ਦਿੱਲੀ, 2 ਨਵੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਭਾਜਪਾ ਤੇ ਕਾਂਗਰਸ ’ਤੇ ਹੱਲਾ ਬੋਲਦਿਆਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ’ਚ ਪਰਾਲੀ ਸਾੜਨ ਦੀ ਹਿੱਸੇਦਾਰੀ 40 ਫੀਸਦ ਹੈ ਪਰ ਵਿਰੋਧੀ ਧਿਰਾਂ ਇਸ ਨੂੰ ਮੰਨ ਨਹੀਂ ਰਹੀਆਂ। ਭੂ-ਵਿਗਿਆਨ ਮੰਤਰਾਲੇ ਦੀ ਹਵਾ ਗੁਣਵੱਤਾ ਤੇ ਮੌਸਮ ਅਨੁਮਾਨ ਤੇ ਖੋਜ ਪ੍ਰਣਾਲੀ (ਸਫਰ) ਅਨੁਸਾਰ ਦਿੱਲੀ ਦੇ ਪ੍ਰਦੂਸ਼ਣ ’ਚ ਪਰਾਲੀ ਸਾੜਨ ਦੀ ਹਿੱਸੇਦਾਰੀ ਬੀਤੇ ਦਿਨ ਵੱਧ ਕੇ 40 ਫੀਸਦ ਹੋ ਗਈ ਹੈ ਜੋ ਕਿ ਇਸ ਮੌਸਮ ’ਚ ਸਭ ਤੋਂ ਵੱਧ ਹੈ। ਸ੍ਰੀ ਰਾਏ ਨੇ ਕਿਹਾ, ‘ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਦਿੱਲੀ ’ਚ ਦੀਵਾਲੀ ਨੇੜੇ ਪ੍ਰਦੂਸ਼ਣ ਦੇ ਗੰਭੀਰ ਪੱਧਰ ਤੱਕ ਪਹੁੰਚਣ ਲਈ ਪਰਾਲੀ ਸਾੜਨਾ ਇੱਕ ਮੁੱਖ ਕਾਰਨ ਹੈ ਪਰ ਭਾਜਪਾ ਤੇ ਕਾਂਗਰਸ ਦਾ ਕਹਿਣਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ’ਚ ਪਰਾਲੀ ਸਾੜਨ ਦੀ ਹਿੱਸੇਦਾਰੀ ਚਾਰ ਤੋਂ ਛੇ ਫੀਸਦ ਹੈ ਜਦਕਿ ਅੰਕੜਿਆਂ ਅਨੁਸਾਰ ਇਹ ਹਿੱਸੇਦਾਰੀ 40 ਫੀਸਦ ਹੈ।’