ਮੁੰਬਈ, 11 ਜੁਲਾਈ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਐਤਵਾਰ ਨੂੰ ਕਿਹਾ ਕਿ ਸਟੈਨ ਸਵਾਮੀ ਦੀ ਹਿਰਾਸਤ ਵਿੱਚ ਮੌਤ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਭਾਵੇਂ ਮਾਓਵਾਦੀ “ਕਸ਼ਮੀਰੀ ਵੱਖਵਾਦੀਆਂ ਨਾਲੋਂ ਖਤਰਨਾਕ” ਹਨ। ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਵਿਚ ਆਪਣੇ ਹਫਤਾਵਾਰੀ ਕਾਲਮ ਵਿਚ ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕੀ ਭਾਰਤ ਦੀ ਬੁਨਿਆਦ ਇੰਨੀ ਕਮਜ਼ੋਰ ਹੈ ਕਿ 84 ਸਾਲਾ ਵਿਅਕਤੀ ਇਸ ਵਿਰੁੱਧ ਜੰਗ ਛੇੜ ਸਕਦਾ ਹੈ ਅਤੇ ਕਿਹਾ ਕਿ ਮੌਜੂਦਾ ਸਰਕਾਰ ਦੀ ਅਲੋਚਨਾ ਕਰਨਾ ਦੇਸ਼ ਵਿਰੋਧੀ ਹੋਣਾ ਨਹੀਂ। ਸਵਾਮੀ (84) ਸ਼ਾਇਦ ਭਾਰਤ ਦੇ ਸਭ ਤੋਂ ਬਜ਼ੁਰਗ ਹੋਣਗੇ, ਜਿਨ੍ਹਾਂ ’ਤੇ ਅਤਿਵਾਦ ਦਾ ਦੋਸ਼ ਲਗਾਇਆ ਗਿਆ ਹੋਵੇ। ਹਾਲ ਹੀ ਵਿੱਚ ਉਨ੍ਹਾਂ ਦਾ ਮੁੰਬਈ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸਿਹਤ ਦੇ ਅਧਾਰ ‘ਤੇ ਉਨ੍ਹਾਂ ਦੀ ਜ਼ਮਾਨਤ ਦਾ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਸੀ। ‘ਸਾਮਨਾ’ ਦੇ ਕਾਰਜਕਾਰੀ ਸੰਪਾਦਕ ਰਾਊਤ ਨੇ ਕਿਹਾ, ‘84 ਸਾਲਾ ਅਪਾਹਜ ਵਿਅਕਤੀ ਤੋਂ ਡਰੀ ਸਰਕਾਰ ਚਰਿੱਤਰ ਵਿੱਚ ਤਾਨਾਸ਼ਾਹ ਹੈ ਪਰ ਦਿਮਾਗ ਤੋਂ ਕਮਜ਼ੋਰ ਹੈ।’