ਰਾਂਚੀ, 27 ਅਗਸਤ
ਕੋਲਾ ਖਾਣ ਦੀ ਲੀਜ਼ ਮਾਮਲੇ ’ਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਵਿਧਾਨ ਸਭਾ ਮੈਂਬਰਸ਼ਿਪ ਨੂੰ ਲੈ ਕੇ ਬਣੀ ਬੇਯਕੀਨੀ ਵਿਚਾਲੇ ਅੱਜ ਸੋਰੇਨ ਤੇ ਹਾਕਮ ਗੱਠਜੋੜ ਦੇ ਵਿਧਾਇਕਾਂ ਨੇ ਖੁੰਟੀ ਜ਼ਿਲ੍ਹੇ ਦੇ ‘ਲਤਰਾਤੂ’ ’ਚ ਪਿਕਨਿਕ ਮਨਾ ਕੇ ਵਿਰੋਧੀ ਧਿਰ ਨੂੰ ਆਪਣੇ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ। ਮੁੱਖ ਮੰਤਰੀ ਤੇ ਸਾਰੇ ਵਿਧਾਇਕ ਤਿੰਨ-ਚਾਰ ਘੰਟੇ ਬਾਅਦ ਰਾਂਚੀ ਮੁੜ ਆਏ ਹਨ ਅਤੇ ਹਾਕਮ ਗੱਠਜੋੜ ਦੇ ਸਾਰੇ 45 ਵਿਧਾਇਕਾਂ ਦੀ ਅੱਜ ਰਾਤ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਮੀਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਦਿਨੇ ਜਦੋਂ ਮੁੱਖ ਮੰਤਰੀ ਤੇ ਉਨ੍ਹਾਂ ਦੇ ਵਿਧਾਇਕ ਤਿੰਨ ਬੱਸਾਂ ’ਚ ਬੈਠ ਕੇ ਰਾਂਚੀ ਤੋਂ ਨਿਕਲੇ ਤਾਂ ਅਜਿਹੇ ਕਿਆਸ ਲਾਏ ਜਾ ਰਹੇ ਸਨ ਕਿ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਤੋਂ ਬਚਣ ਲਈ ਇਹ ਵਿਧਾਇਕ ਹੋਰਨਾਂ ਸੂਬਿਆਂ ’ਚ ਭੇਜੇ ਜਾ ਰਹੇ ਹਨ।
ਝਾਰਖੰਡ ਮੁਕਤੀ ਮੋਰਚਾ ਦੇ ਜਨਰਲ ਸਕੱਤਰ ਤੇ ਮੁੱਖ ਤਰਜਮਾਨ ਸੁਪ੍ਰਿਓ ਭੱਟਾਚਾਰੀਆ ਨੇ ਦੱਸਿਆ, ‘ਹਾਕਮ ਗੱਠਜੋੜ ਦੇ 45 ਵਿਧਾਇਕ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਹੇਠ ਸੂਬੇ ਦੀ ਰਾਜਧਾਨੀ ਤੋਂ 38 ਕਿਲੋਮੀਟਰ ਦੂਰ ਖੁੰਟੀ ਦੇ ਪਿਕਨਿਕ ਸਪੌਟ ‘ਲਤਰਾਤੂ’ ਤੋਂ ਘੁੰਮ ਕੇ ਸ਼ਾਮ ਨੂੰ ਕਰੀਬ ਛੇ ਵਜੇ ਰਾਂਚੀ ਰਵਾਨਾ ਹੋ ਗਏ ਸਨ।’ ਉਨ੍ਹਾਂ ਕਿਹਾ, ‘ਸਾਰੇ ਵਿਧਾਇਕ ਰਾਤ ਅੱਠ ਵਜੇ ਸਿੱਧੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜੇ ਜਿੱਥੇ ਹਾਕਮ ਗੱਠਜੋੜ ਦੇ ਮੈਂਬਰਾਂ ਦੀ ਮੀਟਿੰਗ ਹੋਣੀ ਹੈ।’ ਇਸ ਤੋਂ ਪਹਿਲਾਂ ਭੱਟਾਚਾਰੀਆ ਨੇ ਮਜ਼ਾਕੀਆ ਲਹਿਜ਼ੇ ’ਚ ਕਿਹਾ, ‘ਸਾਡੇ ਸਾਰੇ ਵਿਧਾਇਕਾਂ ਰਾਮਗੜ੍ਹ ਦੀ ਮਸ਼ਹੂਰ ਥਾਂ ‘ਪਤਰਾਤੂ’ ਜਾਣਾ ਸੀ ਪਰ ਜਾਣ-ਬੁੱਝ ਕੇ ਅਸੀਂ ਉਲਟ ਦਿਸ਼ਾ ਵੱਲ ਖੁੰਟੀ ਜ਼ਿਲ੍ਹੇ ’ਚ ‘ਲਤਰਾਤੂ’ ਘੁੰਮਣ ਚਲੇ ਗਏ ਕਿਉਂਕਿ ਮੁੱਖ ਵਿਰੋਧੀ ਧਿਰ ਭਾਜਪਾ ਇਹੀ ਭਾਸ਼ਾ ਸਮਝਦੀ ਹੈ।’ ਉਨ੍ਹਾਂ ਕਿਹਾ, ‘ਮੁੱਖ ਮੰਤਰੀ ਹੇਮੰਤ ਸੋਰੇਨ ਮੰਤਰੀ ਮੰਡਲ ਦੇ ਸਾਰੇ ਮੈਂਬਰਾਂ ਤੇ ਸਾਰੇ ਵਿਧਾਇਕਾਂ ਨੂੰ ਤਿੰਨ ਬੱਸਾਂ ’ਚ ਬਿਠਾ ਕੇ ਦੁਪਹਿਰ ਤਕਰੀਬਨ ਦੋ ਵਜੇ ਆਪਣੀ ਰਿਹਾਇਸ਼ ਤੋਂ ਨਿਕਲੇ ਅਤੇ ਖੁੰਟੀ ਜ਼ਿਲ੍ਹੇ ਦੀ ਇਸ ਸੈਰ-ਸਪਾਟੇ ਵਾਲੀ ਥਾਂ ’ਤੇ ਤਿੰਨ ਘੰਟੇ ਬਿਤਾਉਣ ਮਗਰੋਂ ਸਾਰੇ ਸ਼ਾਮ ਛੇ ਵਜੇ ਵਾਪਸ ਰਾਂਚੀ ਲਈ ਰਵਾਨਾ ਹੋ ਗਏ ਸਨ।’ ਭੱਟਾਚਾਰੀਆ ਨੇ ਦੱਸਿਆ ਕਿ ਝਾਰਖੰਡ ’ਚ ਹਾਕਮ ਗੱਠਜੋੜ ਦੇ ਸਾਰੇ 45 ਵਿਧਾਇਕਾਂ ਦੀ ਮੁੱਖ ਮੰਤਰੀ ਰਿਹਾਇਸ਼ ’ਤੇ ਅੱਜ ਮੀਟਿੰਗ ਹੋਣੀ ਹੈ ਜਿਸ ’ਚ ਮੁੱਖ ਮੰਤਰੀ ਤੋਂ ਇਲਾਵਾ ਕਾਂਗਰਸ ਦੇ ਸੂਬਾ ਇੰਚਾਰਜ ਅਵਿਨਾਸ਼ ਪਾਂਡੇ ਵੀ ਹਾਜ਼ਰ ਹੋਣਗੇ। ਉਨ੍ਹਾਂ ਕਿਹਾ, ‘ਭਾਜਪਾ ਤੇ ਉਸ ਦਾ ਇੱਕ ਸੰਸਦ ਮੈਂਬਰ ਲਗਾਤਾਰ ਇਹ ਅਫਵਾਹ ਫੈਲਾ ਰਹੇ ਹਨ ਕਿ ਝਾਰਖੰਡ ਸਰਕਾਰ ਬਚਾਉਣ ਲਈ ਅਸੀਂ ਆਪਣੇ ਵਿਧਾਇਕਾਂ ਨੂੰ ਪੱਛਮੀ ਬੰਗਾਲ, ਛੱਤੀਸਗੜ੍ਹ ਤੇ ਬਿਹਾਰ ਲਿਜਾਣ ਦੀਆਂ ਤਿਆਰੀਆਂ ਕਰ ਰਹੇ ਹਾਂ। ਇਸੇ ਅਫਵਾਹ ਦਾ ਮਜ਼ਾਕ ਉਡਾਉਣ ਲਈ ਅਸੀਂ ਅੱਜ ਇਹ ਯੋਜਨਾ ਬਣਾਈ ਕਿਉਂਕਿ ਭਾਜਪਾ ਇਹੀ ਭਾਸ਼ਾ ਸਮਝਦੀ ਹੈ।’ ਸੂਤਰਾਂ ਨੇ ਦੱਸਿਆ ਕਿ ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਅੱਜ ਭਾਰਤ ਦੇ ਚੋਣ ਕਮਿਸ਼ਨ ਨੂੰ ਸੋਰੇਨ ਨੂੰ ਵਿਧਾਇਕ ਵਜੋਂ ਅਯੋਗ ਠਹਿਰਾਉਣ ਦਾ ਆਪਣਾ ਫ਼ੈਸਲਾ ਭੇਜ ਸਕਦੇ ਹਨ। -ਪੀਟੀਆਈ
ਨਾ ਡਰਨ ਦਾ ਡਰਾਮਾ ਕਰ ਰਹੀ ਹੈ ਹਾਕਮ ਧਿਰ: ਦੂਬੇ
ਗੌਡਾ ਤੋਂ ਭਾਜਪਾ ਦੇ ਸੰਸਦ ਮੈਂਬਰ ਡਾ. ਨਿਸ਼ੀਕਾਂਤ ਦੂਬੇ ਨੇ ਲੜੀਵਾਰ ਟਵੀਟ ਕਰਕੇ ਕਿਹਾ, ‘ਡਰਾਉਣ ਤੇ ਭਜਾਉਣ ਵਾਲੇ ਭਾਜਪਾ ਆਗੂ ਮਧੂਬਨ ’ਚ ਸਿਖਲਾਈ ਦੇ ਰਹੇ ਹਨ ਅਤੇ ਨਾ ਡਰਨ ਦਾ ਡਰਾਮਾ ਕਰਨ ਵਾਲੇ ਡਰ ਕੇ ਬੱਸਾਂ ’ਚ ਭੱਜ ਰਹੇ ਹਨ।’ ਉਨ੍ਹਾਂ ਹਾਕਮ ਧਿਰ ਦੇ ਵਿਧਾਇਕਾਂ ਦੀ ਪਿਕਨਿਕ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਅਜਿਹਾ ਲਗਦਾ ਹੈ ਕਿ ਮੁੱਖ ਮੰਤਰੀ ਦੀ ਮੈਂਬਰਸ਼ਿਪ ਭ੍ਰਿਸ਼ਟਾਚਾਰ ’ਚ ਨਹੀਂ, ਦੇਸ਼ ਆਜ਼ਾਦ ਕਰਨ ’ਚ ਗਈ ਹੈ। ਭ੍ਰਿਸ਼ਟਾਚਾਰੀ ਨੂੰ ਆਜ਼ਾਦੀ ਘੁਲਾਟੀਏ ਦਾ ਦਰਜਾ ਦੇ ਕੇ ਜਸ਼ਨ ਮਨਾਉਣ ਵਾਲੇ ਸਾਰੇ ਵਿਧਾਇਕਾਂ ਨੂੰ ਵਧਾਈ।’