ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 10 ਮਈ
ਚੰਡੀਗੜ੍ਹ ਲੋਕ ਸਭਾ ਸੀਟ ਤੋਂ ‘ਇੰਡੀਆ’ ਗੱਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਇੱਥੇ ਫੈਡਰੇਸ਼ਨ ਆਫ ਸੈਕਟਰ ਵੈੱਲਫੇਅਰ ਐਸੋਸੀਏਸ਼ਨ ਚੰਡੀਗੜ੍ਹ (ਫੋਸਵੈਕ) ਅਤੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀਆਈਆਈ) ਵੱਲੋਂ ਕੀਤੇ ਗਏ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਫੋਸਵੈਕ ਵੱਲੋਂ ਕੀਤੇ ਗਏ ਸਮਾਗਮ ਦੌਰਾਨ ਫੋਸਵੈਕ ਦੇ ਅਹੁਦੇਦਾਰਾਂ ਵੱਲੋਂ ਮਨੀਸ਼ ਤਿਵਾੜੀ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਮੁਨੀਸ਼ ਤਿਵਾੜੀ ਨੂੰ ਸ਼ਹਿਰ ਵਾਸੀਆਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ। ਤਿਵਾੜੀ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਸ਼ਹਿਰ ਦਾ ਵਿਕਾਸ ਅਤੇ ਸ਼ਹਿਰ ਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਖੁਦ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਦੇ ਤੌਰ ਤਰੀਕਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀਆਈਆਈ) ਦੇ ਚੰਡੀਗੜ੍ਹ ਚੈਪਟਰ ਵੱਲੋਂ ਕਰਵਾਏ ਗਏ ਇਕ ਵੱਖਰੇ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇੰਸਪੈਕਟਰੀ ਰਾਜ ਅਤੇ ਟੈਕਸ ਅਤਿਵਾਦ ਤੋਂ ਮੁਕਤ ਵਪਾਰ ਅਤੇ ਵਪਾਰ ਅਨੁਕੂਲ ਮਾਹੌਲ ਯਕੀਨੀ ਬਣਾਉਣ ਦਾ ਰਿਕਾਰਡ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਸੋਧੀ ਅਤੇ ਸਰਲ ਜੀਐੱਸਟੀ ਪ੍ਰਣਾਲੀ ਉਨ੍ਹਾਂ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੋਵੇਗੀ। ਸੀਆਈਆਈ ਮੈਂਬਰਾਂ ਨੇ ਟਰਾਈਸਿਟੀ ਦੇ ਪ੍ਰਸ਼ਾਸਨ ਵਿੱਚ ਬਿਹਤਰ ਅਤੇ ਵਪਾਰਕ ਮਾਹੌਲ ਪ੍ਰਦਾਨ ਕਰਨ ਲਈ ਵਧੇਰੇ ਤਾਲਮੇਲ ਦਾ ਸੁਝਾਅ ਵੀ ਦਿੱਤਾ। ਇਸ ਮੌਕੇ ਸੀਆਈਆਈ ਵੱਲੋਂ ਇੱਕ ਦਸਤਾਵੇਜ਼ ‘ਚੰਡੀਗੜ੍ਹ ਵਾਸਤੇ ਵਿਕਾਸ ਏਜੰਡਾ’ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਚੰਡੀਗੜ੍ਹ ਤੋਂ ਹੋਰ ਉਡਾਣਾਂ ਸ਼ੁਰੂ ਕਰਨ ਸਮੇਤ ਇੱਕ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਅਤੇ ਗਰੇਟਰ ਚੰਡੀਗੜ੍ਹ ਰੀਜਨ (ਜੀਸੀਆਰ) ਨੂੰ ਕੌਮੀ ਰਾਜਧਾਨੀ ਖੇਤਰ ਦੀ ਤਰਜ਼ ’ਤੇ ਵਿਕਸਤ ਕਰਨ ਸਮੇਤ ਕੁਝ ਮੁੱਖ ਸੁਝਾਅ ਸੂਚੀਬੱਧ ਕੀਤੇ ਗਏ ਹਨ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ, ਫੋਸਵੈਕ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ, ਸੀਆਈਆਈ ਚੰਡੀਗੜ੍ਹ ਦੇ ਚੇਅਰਮੈਨ ਅਨੁਰਾਗ ਗੁਪਤਾ, ਸਮੀਰ ਗੋਇਲ, ਮਨਮੋਹਨ ਸਿੰਘ ਕੋਹਲੀ ਹਾਜ਼ਰ ਸਨ।